ਪ੍ਰਧਾਨ ਮੰਤਰੀ ਮੋਦੀ ਦਿੱਲੀ ’ਚ ਦੁਸਹਿਰੇ ਦੇ ਜਸ਼ਨਾਂ ਵਿੱਚ ਹੋਣਗੇ ਸ਼ਾਮਲ; ਸੁਰੱਖਿਆ ਦੇ ਪੁਖ਼ਤਾ ਪ੍ਰਬੰਧ
ਪੁਲੀਸ ਦੇ ਨਾਲ-ਨਾਲ ਅਰਧ ਸੈਨਿਕ ਬਲ ਵੀ ਕੀਤੇ ਜਾਣਗੇ ਤਾਇਨਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਕਤੂਬਰ, 2025 ਨੂੰ ਪੂਰਬੀ ਦਿੱਲੀ ਦੇ ਪਟਪੜਗੰਜ ਵਿੱਚ ਦੁਸਹਿਰੇ ਦੇ ਜਸ਼ਨਾਂ ਵਿੱਚ ਸ਼ਾਮਲ ਹੋਣਗੇ, ਇਸੇ ਕਰਕੇ ਇਸ ਖੇਤਰ ਵਿੱਚ ਸੁਰੱਖਿਆ ਵਿਵਸਥਾ ਕਰੜੀ ਕੀਤੀ ਗਈ ਹੈ।
ਆਈਪੀ ਐਕਸਟੈਂਸ਼ਨ ਰਾਮਲੀਲਾ ਕਮੇਟੀ ਦੁਆਰਾ ਕਰਵਾਏ ਜਾ ਰਹੇ ਇਸ ਸਮਾਗਮ ਵਿੱਚ ਰਾਵਣ ਦੇ ਪੁੱਤਲੇ ਫੂਕੇ ਜਾਣਗੇ। ਦੁਸ਼ਹਿਰਾ ਇੱਕ ਪਰੰਪਰਕ ਤਿਓਹਾਰ ਹੈ ਜੋ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਮੋਦੀ ਦੀ ਸ਼ਾਮ 6 ਵਜੇ ਫੇਰੀ ਦੀ ਉਮੀਦ ਹੈ।
ਦਿੱਲੀ ਪੁਲੀਸ ਨੇ ਪੂਰਬੀ ਦਿੱਲੀ ਵਿੱਚ 2 ਅਕਤੂਬਰ ਨੂੰ ਦੁਸਹਿਰੇ ਦੀਆਂ ਤਿਆਰੀਆਂ ਕੀਤੀਆਂ ਹਨ। ਉਨ੍ਹਾਂ ਨੇ ਭੀੜ ਨੂੰ ਕੰਟਰੋਲ ਕਰਨ ਲਈ ਇੱਕ ਰਣਨੀਤੀ ਤਿਆਰ ਕੀਤੀ ਹੈ। ਰਾਮਲੀਲਾ ਕਮੇਟੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪੁਤਲਿਆਂ ਦੇ ਆਲੇ-ਦੁਆਲੇ ਘੇਰਾਬੰਦੀ ਕਰਨ ਤਾਂ ਜੋ ਸਾੜਨ ਦੌਰਾਨ ਕੋਈ ਵੀ ਜਨਤਾ ਉਨ੍ਹਾਂ ਦੇ ਨੇੜੇ ਨਾ ਆ ਸਕੇ।
ਜੇਕਰ ਪੁਲੀਸ ਨੂੰ ਸ਼ੱਕ ਹੈ ਕਿ ਭੀੜ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਕੋਈ ਹਾਦਸਾ ਸੰਭਵ ਹੈ ਤਾਂ ਉਹ ਦੁਸਹਿਰੇ ਦੇ ਜਸ਼ਨਾਂ ਵਿੱਚ ਦਾਖਲੇ ’ਤੇ ਪਾਬੰਦੀ ਲਗਾਉਣਗੇ।
ਸ਼ਾਹਦਰਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਪੁਲੀਸ ਨੇ ਦੁਸਹਿਰੇ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਹਨ। ਪੁਲੀਸ ਦੇ ਨਾਲ-ਨਾਲ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਜਾਣਗੇ। ਡਰੋਨ ਦੀ ਵਰਤੋਂ ਕਰਕੇ ਹਵਾਈ ਨਿਗਰਾਨੀ ਕੀਤੀ ਜਾਵੇਗੀ। ਵੱਖ-ਵੱਖ ਰਾਮਲੀਲਾ ਵਾਲੀਆਂ ਥਾਵਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ।
ਪੁਲੀਸ ਕੰਟਰੋਲ ਰੂਮ ਤੋਂ ਨਿਗਰਾਨੀ ਕਰ ਰਹੀ ਹੈ। ਥਾਵਾਂ ’ਤੇ ਪੀਸੀਆਰ ਵੀ ਤਾਇਨਾਤ ਕੀਤੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਵਾਹਨ ਨੂੰ ਲੀਲਾ ਸਥਾਨ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਹੋਵੇਗੀ।