ਪ੍ਰਧਾਨ ਮੰਤਰੀ ਵੱਲੋਂ ਦਿੱਲੀ-ਐਨਸੀਆਰ ਲਈ 11,000 ਕਰੋੜ ਰੁਪਏ ਦੇ ਦੋ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ-ਐਨਸੀਆਰ ਵਿੱਚ ਲਗਭਗ 11,000 ਕਰੋੜ ਰੁਪਏ ਦੇ ਦੋ ਵੱਡੇ ਹਾਈਵੇਅ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਦਵਾਰਕਾ ਐਕਸਪ੍ਰੈਸਵੇਅ ਦੇ 10.1 ਕਿਲੋਮੀਟਰ ਦਿੱਲੀ ਸੈਕਸ਼ਨ ਅਤੇ ਅਰਬਨ ਐਕਸਟੈਂਸ਼ਨ ਰੋਡ-II (ਯੂਈਆਰ-II) ਦੇ ਅਲੀਪੁਰ-ਦੀਚਾਓਂ ਕਲਾਂ ਹਿੱਸੇ ਨੂੰ ਅੱਜ ਰੋਹਿਣੀ ਵਿੱਚ ਹਰੀ ਝੰਡੀ ਦਿੱਤੀ ਗਈ।
ਇਨ੍ਹਾਂ ਸੜਕਾਂ ਨੇ ਸਿੰਘੂ ਬਾਰਡਰ ਤੋਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੱਕ ਯਾਤਰਾ ਦੇ ਸਮੇਂ ਨੂੰ ਲਗਭਗ ਦੋ ਘੰਟਿਆਂ ਤੋਂ ਘਟਾ ਕੇ ਸਿਰਫ਼ 40 ਮਿੰਟ ਕਰ ਦਿੱਤਾ ਹੈ। ਪੰਜਾਬ ਸਮੇਤ ਉੱਤਰੀ ਪੱਛਮੀ ਭਾਰਤ ਤੋਂ ਮੱਧ ਭਾਰਤ ਵੱਲ ਆਉਣ ਵਾਲੇ ਲੋਕਾਂ ਲਈ ਇਹ ਪ੍ਰਾਜੈਕਟ ਦਿੱਲੀ ਦੇ ਭੀੜ ਭੜੱਕੇ ਤੋਂ ਅਤੇ ਲੰਬੇ ਜਾਮਾਂ ਤੋਂ ਬਚਾਉਣਗੇ। ਐਨਸੀਆਰ ਵਿੱਚ ਮਾਲ ਦੀ ਆਵਾਜਾਈ ਨੂੰ ਸੌਖਾ ਬਣਾਇਆ ਹੈ ਤੇ ਵਾਹਨਾਂ ਦੇ ਨਿਕਾਸ ਨੂੰ ਘਟਾਇਆ ਹੈ, ਜਿਸ ਨਾਲ ਦਿੱਲੀ ਦੀ ਹਵਾ ਪ੍ਰਦੂਸ਼ਣ
ਘਟੇਗਾ। ਇਹ ਸੜਕ ਆਵਾਜਾਈ ਮੰਤਰਾਲੇ ਦੀ ਰਾਜਧਾਨੀ ਨੂੰ ਭੀੜ-ਭੜੱਕਾ ਘਟਾਉਣ ਅਤੇ ਖੇਤਰੀ ਸੰਪਰਕ ਨੂੰ ਬਿਹਤਰ ਬਣਾਉਣ ਦੀ 50,000 ਕਰੋੜ ਰੁਪਏ ਦੀ ਯੋਜਨਾ ਦਾ ਹਿੱਸਾ ਹਨ। ਉਦਘਾਟਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਸਾਈਟਾਂ ਦਾ ਜਾਇਜ਼ਾ ਲਿਆ ਅਤੇ ਉਨੁ ਕਾਮਿਆਂ ਨਾਲ ਗੱਲਬਾਤ ਕੀਤੀ ਜੋ ਉਸਾਰੀ ਕਾਰਜਾਂ ਵਿੱਚ ਲੱਗੇ ਹੋਏ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਐਕਸਪ੍ਰੈਸਵੇਅ ਦਾ ਨਾਮ ਦਵਾਰਕਾ ਦੇ ਨਾਮ ’ਤੇ ਰੱਖਿਆ ਗਿਆ ਹੈ। ਇਹ ਸਮਾਗਮ ਰੋਹਿਣੀ ਵਿੱਚ ਹੋ ਰਿਹਾ ਹੈ ਤੇ ਮਾਹੌਲ ਜਨਮ ਅਸ਼ਟਮੀ ਦੀ ਖੁਸ਼ੀ ਨਾਲ ਭਰਿਆ ਹੋਇਆ ਹੈ। ਉਨ੍ਹਾਂ ਕਿਹਾ, “ਮੈਂ ਵੀ ਦਵਾਰਕਾ ਦੀ ਧਰਤੀ ਨਾਲ ਸਬੰਧਤ ਹਾਂ ਤੇ ਅੱਜ ਪੂਰਾ ਵਾਤਾਵਰਣ ਸੱਚਮੁੱਚ ‘ਕ੍ਰਿਸ਼ਨਮਈ’ ਬਣ ਗਿਆ ਹੈ।”
ਉਨ੍ਹਾਂ ਕਿਹਾ ਕਿ ਨਵੇਂ ਬੁਨਿਆਦੀ ਪ੍ਰਾਜੈਕਟ ਭੀੜ ਨੂੰ ਘੱਟ ਕਰਨ ਵਿੱਚ ਸੰਭਾਵੀ ਤੌਰ 'ਤੇ ਕਿਵੇਂ ਮਦਦ ਕਰਨਗੇ। ਇਸ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਅਗਸਤ ਦਾ ਇਹ ਮਹੀਨਾ ਆਜ਼ਾਦੀ ਅਤੇ ਕ੍ਰਾਂਤੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਇਸ ਤਿਉਹਾਰ ਦੇ ਵਿਚਕਾਰ ਅੱਜ ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਵਿਕਾਸ ਕ੍ਰਾਂਤੀ ਦਾ ਗਵਾਹ ਬਣ ਰਹੀ ਹੈ। ਥੋੜ੍ਹੀ ਦੇਰ ਪਹਿਲਾਂ ਦਿੱਲੀ ਨੂੰ ਦਵਾਰਕਾ ਐਕਸਪ੍ਰੈਸਵੇਅ ਅਤੇ ਅਰਬਨ ਐਕਸਟੈਂਸ਼ਨ ਰੋਡ ਦੀ ਕਨੈਕਟੀਵਿਟੀ ਮਿਲੀ ਹੈ। ਇਸ ਨਾਲ ਦਿੱਲੀ ਗੁਰੂਗ੍ਰਾਮ ਦੇ ਪੂਰੇ ਐਨਸੀਆਰ ਦੇ ਲੋਕਾਂ ਦੀ ਸਹੂਲਤ ਵਧੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਮੈਂ ਦੇਸ਼ ਦੀ ਆਰਥਿਕਤਾ, ਦੇਸ਼ ਦੀ ਸਵੈ-ਨਿਰਭਰਤਾ ਅਤੇ ਦੇਸ਼ ਦੇ ਆਤਮ-ਵਿਸ਼ਵਾਸ ਬਾਰੇ ਵਿਸ਼ਵਾਸ ਨਾਲ ਗੱਲ ਕੀਤੀ। ਜਦੋਂ ਦੁਨੀਆ ਭਾਰਤ ਨੂੰ ਦੇਖਦੀ ਹੈ ਅਤੇ ਉਸਦਾ ਮੁਲਾਂਕਣ ਕਰਦੀ ਹੈ ਤਾਂ ਇਸਦੀ ਪਹਿਲੀ ਨਜ਼ਰ ਸਾਡੀ ਰਾਜਧਾਨੀ ਦਿੱਲੀ ’ਤੇ ਪੈਂਦੀ ਹੈ। ਇਸ ਲਈ ਸਾਨੂੰ ਦਿੱਲੀ ਨੂੰ ਵਿਕਾਸ ਦਾ ਅਜਿਹਾ ਮਾਡਲ ਬਣਾਉਣਾ ਪਵੇਗਾ,ਜਿੱਥੇ ਹਰ ਕੋਈ ਇਹ ਮਹਿਸੂਸ ਕਰ ਸਕੇ ਕਿ ਇਹ ਇੱਕ ਵਿਕਾਸਸ਼ੀਲ ਭਾਰਤ ਦੀ ਰਾਜਧਾਨੀ ਹੈ।
5,360 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੇ ਗਏ ਦਵਾਰਕਾ ਐਕਸਪ੍ਰੈਸਵੇਅ ਦੇ ਦਿੱਲੀ ਭਾਗ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਸ਼ਿਵ ਮੂਰਤੀ ਚੌਰਾਹੇ ਤੋਂ ਦਵਾਰਕਾ ਸੈਕਟਰ-21 ਤੱਕ 5.9 ਕਿਲੋਮੀਟਰ ਦਾ ਰਸਤਾ ਅਤੇ ਦਿੱਲੀ-ਹਰਿਆਣਾ ਹੱਦ ਤੱਕ ਫੈਲਿਆ 4.2 ਕਿਲੋਮੀਟਰ ਦਾ ਰਸਤਾ। ਇਹ ਪ੍ਰੋਜੈਕਟ ਯਸ਼ੋਭੂਮੀ ਕਨਵੈਨਸ਼ਨ ਸੈਂਟਰ, ਦਿੱਲੀ ਮੈਟਰੋ ਦੀ ਨੀਲੀ ਅਤੇ ਸੰਤਰੀ ਲਾਈਨ, ਆਉਣ ਵਾਲੇ ਬਿਜਵਾਸਨ ਰੇਲਵੇ ਸਟੇਸ਼ਨ ਅਤੇ ਦਵਾਰਕਾ ਕਲੱਸਟਰ ਬੱਸ ਡਿਪੂ ਨੂੰ ਮਲਟੀ-ਮਾਡਲ ਕਨੈਕਟੀਵਿਟੀ ਦੇਵੇਗਾ। ਇਹ ਐਕਸਪ੍ਰੈਸਵੇਅ ਦੇ 19 ਕਿਲੋਮੀਟਰ ਹਰਿਆਣਾ ਭਾਗ ਨੂੰ ਪੂਰਾ ਕਰਦਾ ਹੈ, ਜਿਸਦਾ ਉਦਘਾਟਨ ਪ੍ਰਧਾਨ ਮੰਤਰੀ ਵੱਲੋਂ ਮਾਰਚ 2024 ਵਿੱਚ ਕੀਤਾ ਗਿਆ ਸੀ।
ਇਹ ਕੋਰੀਡੋਰ ਅਲੀਪੁਰ ਤੋਂ ਦੀਚਾਓਂ ਕਲਾਂ ਤੱਕ ਜਾਂਦਾ ਹੈ, ਜੋ ਕੌਮੀ ਮਾਰਗ-44 ਨੂੰ ਕੌਮੀ ਮਾਰਗ-48 ਨਾਲ ਜੋੜਦਾ ਹੈ। ਬਹਾਦਰਗੜ੍ਹ ਅਤੇ ਸੋਨੀਪਤ ਤੱਕ ਟੋਟੇ ਨਾਲ ਇਹ ਪ੍ਰੋਜੈਕਟ ਅੰਦਰੂਨੀ ਅਤੇ ਬਾਹਰੀ ਰਿੰਗ ਰੋਡਾਂ ਅਤੇ ਮੁਕਰਬਾ ਚੌਕ, ਧੌਲਾ ਕੁਆਂ ਅਤੇ ਕੌਮੀ ਮਾਰਗ-9 ਵਰਗੇ ਵਿਅਸਤ ਜੰਕਸ਼ਨਾਂ ’ਤੇ ਭੀੜ-ਭੜੱਕਾ ਘਟਾਉਣ ਦੀ ਉਮੀਦ ਹੈ।