ਦਿੱਲੀ ’ਚ ਸਿਹਤ ਸੇਵਾਵਾਂ ਵਧਾਉਣ ਲਈ ਅਹਿਦ
ਦਿੱਲੀ ਸਰਕਾਰ ਕੌਮੀ ਰਾਜਧਾਨੀ ਵਿੱਚ ਐਮਰਜੈਂਸੀ ਸਿਹਤ ਸੰਭਾਲ ਸੇਵਾਵਾਂ ਨੂੰ ਵਧਾਉਣ ਲਈ ਕਈ ਕਦਮ ਚੁੱਕ ਰਹੀ ਹੈ। ਇਸ ਸਬੰਧ ਵਿੱਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਟੀ ਬੀ ਟੈਸਟਿੰਗ ਲਈ 40 ਟਰੂਨੇਟ ਮਸ਼ੀਨਾਂ, 10 ਪੈਥੋਡਿਟੈਕਟ ਮਸ਼ੀਨਾਂ, 27 ਐਕਸ-ਰੇ ਮਸ਼ੀਨਾਂ, 10 ਨਵੀਆਂ ਕੈਟ ਐਂਬੂਲੈਂਸਾਂ, ਅੰਗ ਦਾਨ ਔਨਲਾਈਨ ਪੋਰਟਲ ‘ਐੱਸ ਓ ਟੀ ਓ’ ਅਤੇ ਚਾਚਾ ਨਹਿਰੂ ਚਿਲਡਰਨ ਹਸਪਤਾਲ ਵਿੱਚ ਡੀ ਆਈ ਈ ਓ ਸੈਂਟਰ ਦਾ ਉਦਘਾਟਨ ਕੀਤਾ ਗਿਆ। ਇਹ ਸਹੂਲਤਾਂ ਦਿੱਲੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਸੇਵਾ ਪੰਦਰਵਾੜੇ ਦੌਰਾਨ ਦਿੱਤੇ ਗਏ ਸਨ। ਮੁੱਖ ਮੰਤਰੀ ਰੇਖਾ ਗੁਪਤਾ ਨੇ ਇਨ੍ਹਾਂ ਨੂੰ ਲਾਂਚ ਕੀਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ ਨੂੰ ਸਿਹਤ ਕੇਂਦਰ ਬਣਾਉਣਾ ਹੈ। ਪਹਿਲੀ ਵਾਰ ਦਿੱਲੀ ਸਰਕਾਰ ਨੇ 1,350 ਨਰਸਾਂ ਨੂੰ ਸਥਾਈ ਬਣਾਇਆ ਹੈ ਅਤੇ ਹਸਪਤਾਲਾਂ ਵਿੱਚ 150 ਡਾਇਲਸਿਸ ਮਸ਼ੀਨਾਂ ਲਗਾਈਆਂ ਹਨ। ਉਨ੍ਹਾਂ ਪਿਛਲੀ ਸਰਕਾਰ ’ਤੇ ਨਿਸ਼ਾਨੇ ਸੇਧਦਿਆਂ ਕਿਹਾ ਕਿ ਪਿਛਲੀ ਸਰਕਾਰ ਨੇ 22 ਹਸਪਤਾਲਾਂ ਲਈ ਟੈਂਡਰ ਜਾਰੀ ਕੀਤੇ ਸਨ ਪਰ ਕੋਈ ਵੀ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਕੁੱਲ 277 ਐਂਬੂਲੈਂਸਾਂ ਹਨ, ਜਿਨ੍ਹਾਂ ਨੂੰ 400 ਕਰਨ ਦਾ ਟੀਚਾ ਹੈ। ਅੱਜ 11 ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾਈ ਗਈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਧਿਆਨ ਦਿੱਲੀ ਦੀਆਂ ਸਿਹਤ ਸੰਭਾਲ ਸੇਵਾਵਾਂ ’ਤੇ ਹੈ।
ਸਿਹਤ ਮੰਤਰੀ ਡਾ. ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਹੁਣ ਤੱਕ 1,272 ਲੋਕਾਂ ਨੇ ਅੱਖਾਂ ਦਾਨ ਲਈ ਅਰਜ਼ੀ ਦਿੱਤੀ ਹੈ। ਸਿਰਫ਼ 100 ਦਿਨਾਂ ਵਿੱਚ 56,221 ਲੋਕਾਂ ਦੀ ਟੀ ਬੀ ਲਈ ਜਾਂਚ ਕੀਤੀ ਗਈ ਹੈ। 1 ਹਜ਼ਾਰ ਟੀ ਬੀ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਬਹੁਤ ਸਾਰੇ ਟੀ ਬੀ ਮਰੀਜ਼ਾਂ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ।
ਪ੍ਰਦੂਸ਼ਣ ਘਟਾਉਣ ਲਈ ਪਾਇਲਟ ਪ੍ਰਾਜੈਕਟ ਦੀ ਤਿਆਰੀ
ਕੌਮੀ ਰਾਜਧਾਨੀ ਵਿੱਚ ਸਿਹਤ ਸੇਵਾਵਾਂ ਦੇ ਨਾਲ-ਨਾਲ ਦਿੱਲੀ ਸਰਕਾਰ ਰਾਜਧਾਨੀ ਵਿੱਚ ਪ੍ਰਦੂਸਣ ਘਟਾਉਣ ਲਈ ਵੀ ਉਪਰਾਲੇ ਕਰ ਰਹੀ ਹੈ। ਇਸ ਦੌਰਾਨ ਦਿੱਲੀ ਸਰਕਾਰ ਅਤੇ ਆਈ ਆਈ ਟੀ ਕਾਨਪੁਰ ਵਿਚਕਾਰ ਪਾਇਲਟ ਪ੍ਰਾਜੈਕਟ ਵਜੋਂ ‘ਕਲਾਊਡ ਸੀਡਿੰਗ ਤਕਨਾਲੋਜੀ’ ਦੇ ਪ੍ਰਦਰਸ਼ਨ ਅਤੇ ਮੁਲਾਂਕਣ ਲਈ ਇੱਕ ਸਮਝੌਤਾ ਹੋਇਆ। ਇਸ ਸਮਝੌਤੇ ਪੱਤਰ ’ਤੇ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਦਸਤਖਤ ਕੀਤੇ ਗਏ। ਇਹ ਦਿੱਲੀ ਐੱਨ ਸੀ ਆਰ ਵਿੱਚ ਪ੍ਰਦੂਸ਼ਣ ਘਟਾਉਣ ਅਤੇ ਰਾਜਧਾਨੀ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਦਿੱਲੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਨਕਲੀ ਮੀਂਹ ਪਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਜੋ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਰੋਕਿਆ ਜਾ ਸਕੇ।