ਯਮੁਨਾ ਕੰਢੇ ਵਸੇ ਲੋਕ ਚਿੰਤਾ ਵਿੱਚ ਡੁੱਬੇ
ਦਿੱਲੀ ਵਿੱਚ ਯਮੁਨਾ ਨਦੀ ਦਾ ਪਾਣੀ ਦਾ ਪੱਧਰ 205.33 ਮੀਟਰ ਦੇ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਅੱਜ ਪੁਰਾਣੇ ਰੇਲਵੇ ਪੁਲ ’ਤੇ 205.45 ਮੀਟਰ ਤੱਕ ਪਹੁੰਚ ਗਿਆ। ਕੇਂਦਰੀ ਜਲ ਕਮਿਸ਼ਨ ਨੇ ਸਥਾਨਕ ਅਧਿਕਾਰੀਆਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਹੈ ਕਿਉਂਕਿ ਹੜ੍ਹ ਆਉਣ ਦੀ ਸੰਭਾਵਨਾ ਹੈ।
ਪਾਣੀ ਦੇ ਪੱਧਰ ਵਿੱਚ ਵਾਧਾ ਭਾਰੀ ਮੀਂਹ ਅਤੇ ਵਜ਼ੀਰਾਬਾਦ ਅਤੇ ਹਥਨੀਕੁੰਡ ਬੈਰਾਜਾਂ ਤੋਂ ਛੱਡੇ ਗਏ ਪਾਣੀ ਦੀ ਵੱਡੀ ਮਾਤਰਾ ਕਾਰਨ ਹੋਇਆ ਹੈ। ਹੜ੍ਹ ਕੰਟਰੋਲ ਏਜੰਸੀ ਦੇ ਅਨੁਸਾਰ ਵਜ਼ੀਰਾਬਾਦ ਤੋਂ ਹਰ ਘੰਟੇ ਲਗਭਗ 41,206 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਨਾਲ ਹੀ ਹਥਨੀਕੁੰਡ ਬੈਰਾਜ ਤੋਂ ਲਗਭਗ 55,830 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਬੈਰਾਜਾਂ ਤੋਂ ਛੱਡੇ ਜਾਣ ਵਾਲੇ ਪਾਣੀ ਨੂੰ ਆਮ ਤੌਰ ’ਤੇ ਦਿੱਲੀ ਪਹੁੰਚਣ ਵਿੱਚ 48 ਤੋਂ 50 ਘੰਟੇ ਲੱਗਦੇ ਹਨ। ਉੱਪਰਲੇ ਪਾਸੇ ਤੋਂ ਛੱਡੇ ਜਾਣ ਵਾਲੇ ਪਾਣੀ ਦੇ ਛੋਟੇ ਵਹਾਅ ਵੀ ਯਮੁਨਾ ਦੇ ਪਾਣੀ ਦੇ ਪੱਧਰ ਨੂੰ ਵਧਾ ਰਹੇ ਹਨ। ਪਾਣੀ ਦੇ ਵਧਦੇ ਪੱਧਰ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਮਯੂਰ ਵਿਹਾਰ ਵਿੱਚ ਰਾਹਤ ਕੈਂਪ ਸਥਾਪਤ ਕੀਤੇ ਹਨ। ਇਹ ਕੈਂਪ ਨਦੀ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਪਨਾਹ ਦੇਣ ਲਈ ਬਣਾਏ ਗਏ ਹਨ। ਨਦੀ ਦੇ ਨੇੜੇ ਆਪਣੇ ਘਰਾਂ ਦੇ ਅੰਦਰ ਰਹਿਣ ਵਾਲੇ ਲੋਕ ਹੜ੍ਹ ਆਉਣ ’ਤੇ ਬਾਹਰ ਆ ਕੇ ਇਨ੍ਹਾਂ ਤੰਬੂਆਂ ਵਿੱਚ ਰਹਿਣਗੇ। ਕੁਝ ਲੋਕ ਯਮੁਨਾ ਦੇ ਕਿਨਾਰੇ ਬਣੀਆਂ ਸੜਕਾਂ ਉੱਪਰ ਬੈਠੇ ਹਨ। ਭਾਰਤ ਮੌਸਮ ਵਿਭਾਗ ਨੇ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਦਿੱਲੀ ਵਿੱਚ ਸਰਗਰਮ ਮੌਨਸੂਨ ਜਾਰੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵੀਰਵਾਰ ਨੂੰ ਆਮ ਕਰ ਕੇ ਬੱਦਲਵਾਈ ਰਹੀ ਪਰ ਮੀਂਹ ਜ਼ਿਆਦਾ ਨਹੀਂ ਪਿਆ। ਮੌਸਮ ਵਿਭਾਗ ਮੁਤਾਬਕ ਅਗਲੇ ਛੇ ਤੋਂ ਸੱਤ ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਵੱਖ ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਉਮੀਦ ਹੈ।