ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਵਾ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ

ਸੰਘਣੇ ਧੂੰਏਂ ਨੇ ਢਕੀ ਰਾਜਧਾਨੀ; ਹਵਾ ਗੁਣਵੱਤਾ ਸੂਚਕ ਅੰਕ 556 ਤੋਂ ਪਾਰ ਹੋਇਆ
ਕਰਤੱਵਯਾ ਪੱਥ ’ਤੇ ਧੁਆਂਖੀ ਧੁੰਦ ਦੌਰਾਨ ਜਾਂਦਾ ਹੋਇਆ ਸਕੂਟਰ ਸਵਾਰ। -ਫੋਟੋ: ਏ ਐੱਨ ਆਈ
Advertisement

ਦਿੱਲੀ-ਐੱਨ ਸੀ ਆਰ ਵਿੱਚ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਡਿੱਗਦੇ ਤਾਪਮਾਨ, ਹਵਾ ਦੀ ਘੱਟ ਰਫ਼ਤਾਰ ਅਤੇ ਪ੍ਰਦੂਸ਼ਣ ਵਾਲੇ ਸਰੋਤਾਂ ਵਿੱਚ ਵਾਧੇ ਕਾਰਨ ਰਾਜਧਾਨੀ ਧੂੰਏਂ ਦੀ ਸੰਘਣੀ ਚਾਦਰ ਹੇਠ ਢੱਕੀ ਗਈ। ਮਾਹਿਰਾਂ ਅਨੁਸਾਰ ਰੋਜ਼ਾਨਾ ਵਧਦੇ ਪੀ ਐੱਮ 2.5 ਅਤੇ ਪੀ ਐੱਮ 10 ਦੇ ਪੱਧਰਾਂ ਤੋਂ ਪਤਾ ਲੱਗਦਾ ਹੈ ਕਿ ਦਿੱਲੀ ਦੀ ਹਵਾ ਹੁਣ ਖ਼ਤਰਨਾਕ ਸ਼੍ਰੇਣੀ ਨੂੰ ਪਾਰ ਕਰ ਕੇ ‘ਗੰਭੀਰ’ ਸਥਿਤੀ ਵਿੱਚ ਪਹੁੰਚ ਗਈ ਹੈ। ਵਾਤਾਵਰਣ ਬਾਰੇ ਏਜੰਸੀਆਂ ਵੱਲੋਂ ਜੀ ਆਰ ਏ ਪੀ ਦੇ ਤੀਜੇ ਪੜਾਅ ਦੀਆਂ ਸ਼ਰਤਾਂ ਲਾਗੂ ਕਰਨ ਦੇ ਬਾਵਜੂਦ ਪ੍ਰਦੂਸ਼ਣ ’ਤੇ ਕੋਈ ਬਹੁਤ ਅਸਰ ਨਹੀਂ ਪੈ ਰਿਹਾ। ਕਈ ਇਲਾਕਿਆਂ ਵਿੱਚ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਬਹੁਤ ਮਾੜਾ ਦਰਜ ਕੀਤਾ ਗਿਆ। ਵਜ਼ੀਰਪੁਰ 556 ਦੇ ਏ ਕਿਊ ਆਈ ਨਾਲ ਸਭ ਤੋਂ ਵੱਧ ਪ੍ਰਦੂਸ਼ਿਤ ਰਿਹਾ, ਜਦੋਂ ਕਿ ਸੋਨੀਆ ਵਿਹਾਰ ਵਿੱਚ ਏਕਿਊਆਈ 500 ਅਤੇ ਬੁਰਾੜੀ ਵਿੱਚ 477 ਦਰਜ ਕੀਤਾ ਗਿਆ। ਇਹ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪ੍ਰਦੂਸ਼ਣ ਪੂਰੇ ਐੱਨ ਸੀ ਆਰ ਵਿੱਚ ਬਰਾਬਰ ਵਧ ਰਿਹਾ ਹੈ। ਰਾਤਾਂ ਨੂੰ ਤਾਪਮਾਨ ਘਟਣ ਲੱਗਾ ਹੈ ਅਤੇ ਹਵਾ ਵਿੱਚ ਨਮੀ ਦੀ ਮਿਕਦਾਰ ਵਧ ਰਹੀ ਹੈ। ਦਿੱਲੀ ਦੇ ਵਧਦੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਹੁਣ ਐੱਨ ਸੀ ਆਰ ਦੀਆਂ ਮੁੱਖ ਸੜਕਾਂ ’ਤੇ ਧੂੜ ਸੈਂਸਰ ਲਗਾਉਣ ਲਈ ਵਿਚਾਰ ਕਰ ਰਿਹਾ ਹੈ ਤਾਂ ਜੋ ਸੜਕਾਂ ਦੀ ਧੂੜ ’ਤੇ ਨਿਗਰਾਨੀ ਰੱਖੀ ਜਾ ਸਕੇ ਅਤੇ ਪ੍ਰਦੂਸ਼ਣ ਵਧਾਉਣ ਵਾਲੇ ਸਰੋਤਾਂ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਸੜਕ ਦੀ ਧੂੜ ਅਤੇ ਨਿਰਮਾਣ ਵਿੱਚ ਲਾਪਰਵਾਹੀ ਲਗਾਤਾਰ ਪ੍ਰਦੂਸ਼ਣ ਵਿੱਚ ਵਾਧਾ ਕਰ ਰਹੀ ਹੈ। ਜੀ ਆਰ ਏ ਪੀ-3 ਲਾਗੂ ਕਰਨ ਦੇ ਬਾਵਜੂਦ ਏਜੰਸੀਆਂ ਸਖ਼ਤ ਕਾਰਵਾਈ ਕਰਨ ਵਿੱਚ ਨਾਕਾਮ ਰਹੀਆਂ ਹਨ। ਉਸਾਰੀ ਵਾਲੀ ਥਾਂ ’ਤੇ ਪਾਬੰਦੀਆਂ, ਪਾਣੀ ਦਾ ਛਿੜਕਾਅ ਅਤੇ ਸੜਕਾਂ ਦੀ ਮਸ਼ੀਨਾਂ ਨਾਲ ਸਫ਼ਾਈ ਕਰਨ ਵਰਗੇ ਤਰੀਕੇ ਅਜ਼ਮਾਉਣ ਵਿੱਚ ਬਹੁਤ ਸਾਰੇ ਵਿਭਾਗ ਮੋਰਚਿਆਂ ’ਤੇ ਨਾਕਾਮ ਰਹੇ ਹਨ। ਨਤੀਜੇ ਵਜੋਂ ਪ੍ਰਦੂਸ਼ਣ ਕੰਟਰੋਲ ਉਪਾਅ ਕਾਗਜ਼ਾਂ ਤੱਕ ਸੀਮਤ ਰਹਿੰਦੇ ਹਨ ਜਦੋਂ ਕਿ ਜ਼ਮੀਨੀ ਹਕੀਕਤਾਂ ’ਤੇ ਹਵਾ ਤੇਜ਼ੀ ਨਾਲ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਵਜ਼ੀਰਪੁਰ ਵਿੱਚ ਏ ਕਿਊ ਆਈ 556 ਰਿਹਾ ਜਦੋਂ ਕਿ ਸੋਨੀਆ ਵਿਹਾਰ ਵਿੱਚ 500, ਬੁਰਾੜੀ ਵਿੱਚ 477, ਰੋਹਿਣੀ ਵਿੱਚ 473, ਸਤਿਆਵਤੀ ਕਾਲਜ ਵਿੱਚ 469, ਇੰਦਰਾਪੁਰਮ ਵਿੱਚ 459, ਚਾਂਦਨੀ ਚੌਕ ਵਿੱਚ 450, ਵਸੁੰਧਰਾ (ਗਾਜ਼ੀਆਬਾਦ) ਵਿੱਚ 449, ਨੋਇਡਾ ਸੈਕਟਰ-125 ਵਿੱਚ 446, ਨੋਇਡਾ ਸੈਕਟਰ-116 ਵਿੱਚ 444 ਰਿਹਾ।

Advertisement
Advertisement
Show comments