ਪਰਵੇਸ਼ ਵਰਮਾ ਦੀਆਂ ਟਿੱਪਣੀਆਂ ਤੋਂ ਭਾਜਪਾ ਦੀ ਪੰਜਾਬੀਆਂ ਪ੍ਰਤੀ ਮਾਨਸਿਕਤਾ ਝਲਕਦੀ ਹੈ: ਮਲਵਿੰਦਰ ਕੰਗ
ਚੰਡੀਗੜ੍ਹ, 22 ਜਨਵਰੀ
‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਭਾਜਪਾ ਆਗੂ ਪਰਵੇਸ਼ ਵਰਮਾ ਦੀ ‘ਪੰਜਾਬ ਦੀ ਰਜਿਸਟਰੇਸ਼ਨ ਵਾਲੇ ਵਾਹਨਾਂ’ ਬਾਰੇ ਟਿੱਪਣੀ ਤੋਂ ਭਾਜਪਾ ਦੀ ਪੰਜਾਬੀਆਂ ਪ੍ਰਤੀ ‘ਮਾਨਸਿਕਤਾ’ ਝਲਦਕੀ ਹੈ। ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਵਰਮਾ ਨੂੰ ਪੰਜਾਬ ਦੇ ਲੋਕਾਂ ਦਾ ‘ਨਿਰਾਦਰ’ ਕਰਨ ਬਦਲੇ ਮੁਆਫ਼ੀ ਮੰਗਣੀ ਚਾਹੀਦੀ ਹੈ। ਵਰਮਾ ਨੇ ਮੰਗਲਵਾਰ ਨੂੰ ਕਿਹਾ ਸੀ, ‘‘ਪੰਜਾਬ ਦੀ ਰਜਿਸਟਰੇਸ਼ਨ ਨੰਬਰ ਵਾਲੇ ਹਜ਼ਾਰਾਂ ਵਾਹਨ ਦਿੱਲੀ ਵਿਚ ਇਧਰ ਉਧਰ ਘੁੰਮੀ ਫਿਰਦੇ ਹਨ। ਇਨ੍ਹਾਂ ਵਾਹਨਾਂ ਵਿਚ ਕੌਣ ਲੋਕ ਹਨ? ਦਿੱਲੀ ਵਿਚ 26 ਜਨਵਰੀ (ਗਣਤੰਤਰ ਦਿਵਸ) ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਹ ਇੱਥੇ ਕੀ ਵੱਡਾ ਕਰਨਗੇ ਜਿਸ ਨਾਲ ਸਾਡੇ ਸੁਰੱਖਿਆ ਪ੍ਰਬੰਧ ਲਈ ਜੋਖ਼ਮ ਖੜ੍ਹਾ ਹੋ ਸਕਦਾ ਹੈ।’’ ਵਰਮਾ ਦੀਆਂ ਇਨ੍ਹਾਂ ਟਿੱਪਣੀਆਂ ਦੇ ਪ੍ਰਤੀਕਰਮ ਵਿਚ ਕੰਗ ਨੇ ਕਿਹਾ ਕਿ ਅਜਿਹੇ ਬਿਆਨ ਭਾਜਪਾ ਦੀ ‘ਨਿਰਾਸ਼ਾ’ ਨੂੰ ਦਰਸਾਉਂਦੇ ਹਨ ਕਿਉਂਕ ਭਾਜਪਾ 5 ਫਰਵਰੀ ਦੀਆਂ ਅਸੈਂਬਲੀ ਚੋਣਾਂ ਵਿਚ ਹਾਰ ਰਹੀ ਹੈ।
ਕੰਗ ਨੇ ਕਿਹਾ, ‘‘ਇਹ ਦਰਸਾਉਂਦਾ ਹੈ ਕਿ ਭਾਜਪਾ ਵਿਚ ਤੁਹਾਡੇ ਪ੍ਰਤੀ ਕਿੰਨੀ ਨਫ਼ਰਤ ਹੈ। ਇਹ ਭਾਜਪਾ ਦੀ ਪੰਜਾਬੀਆਂ ਪ੍ਰਤੀ ਮਾਨਸਿਕਤਾ ਨੂੰ ਦਰਸਾਉਂਦੀ ਹੈ।’’ ਕੰਗ ਨੇ ਕਿਹਾ, ‘‘ਤੁਸੀਂ ਪੂਰੇ ਭਾਈਚਾਰੇ ਦਾ ਅਪਮਾਨ ਕੀਤਾ ਹੈ। ਕੀ ਪੰਜਾਬੀ ਦਹਿਸ਼ਤਗਰਦ ਹਨ? ਵਰਮਾ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ।’’ ਉਨ੍ਹਾਂ ਮੰਗ ਕੀਤੀ ਕਿ ਭਾਜਪਾ ਵਰਮਾ ਖਿਲਾਫ਼ ਕਾਰਵਾਈ ਕਰੇ। ‘ਆਪ’ ਦੀ ਪੰਜਾਬ ਇਕਾਈ ਦੇ ਮੁੱਖ ਤਰਜਮਾਨ ਕੰਗ ਨੇ ਕਿਹਾ ਕਿ ਦਿੱਲੀ ਦੇ ਲੋਕ ਭਾਜਪਾ ਨੂੰ ਅਗਾਮੀ ਚੋਣਾਂ ਵਿਚ ਸਬਕ ਸਿਖਾਉਣਗੇ। ਸੰਸਦ ਮੈਂਬਰ ਨੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਸਵਾਲ ਕੀਤਾ ਕਿ ਕੀ ਉਹ ਵਰਮਾ ਦੇ ਉਪਰੋਕਤ ਬਿਆਨ ਨਾਲ ਸਹਿਮਤ ਹਨ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਮਾ ਦੀ ਉਪਰੋਕਤ ਬਿਆਨ ਲਈ ਨਿਖੇਧੀ ਕਰਦਿਆਂ ਕਿਹਾ ਸੀ ਕਿ ਵਰਮਾ ਨੇ ਪੰਜਾਬੀਆਂ ਦਾ ਨਿਰਾਦਰ ਕੀਤਾ ਹੈ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਲਈ ਮੁਆਫੀ ਮੰਗਣੀ ਚਾਹੀਦੀ ਹੈ। ਦਿੱਲੀ ਦੀ 70 ਮੈਂਬਰੀ ਅਸੈਂਬਲੀ ਲਈ 5 ਫਰਵਰੀ ਨੂੰ ਵੋਟਾਂ ਪੈਣਗੀਆਂ ਤੇ ਨਤੀਜਿਆਂ ਦਾ ਐਲਾਨ 8 ਫਰਵਰੀ ਨੂੰ ਹੋਵੇਗਾ। -ਪੀਟੀਆਈ