ਪਰਵੇਸ਼ ਵਰਮਾ ਨੇ ਕੇਜਰੀਵਾਲ ਅਤੇ ਮਾਨ ਨੂੰ 100 ਕਰੋੜ ਦੇ ਮਾਣਹਾਨੀ ਨੋਟਿਸ ਭੇਜੇ
ਨਵੀਂ ਦਿੱਲੀ, 22 ਜਨਵਰੀ
ਭਾਜਪਾ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਖ਼ਿਲਾਫ਼ ਗਲਤ ਤੇ ਬੇਬੁਨਿਆਦ ਦੋਸ਼ ਲਗਾਉਣ ਲਈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖ਼ਿਲਾਫ਼ 100 ਕਰੋੜ ਰੁਪਏ ਦਾ ਮਾਣਹਾਨੀ ਮੁਕੱਦਮਾ ਦਾਇਰ ਕਰਨਗੇ। ਵਰਮਾ ਨੇ ਅੱਜ ਸ਼ਾਮ ਦੋਵੇਂ ‘ਆਪ’ ਆਗੂਆਂ ਨੂੰ ਕਾਨੂੰਨੀ ਨੋਟਿਸ ਜਾਰੀ ਕਰ ਦਿੱਤੇ ਹਨ ਅਤੇ ਇਨ੍ਹਾਂ ਰਾਹੀਂ 48 ਘੰਟੇ ਦੇ ਅੰਦਰ ਬਿਨਾ ਸ਼ਰਤ ਮੁਆਫੀ ਮੰਗਣ ਲਈ ਕਿਹਾ ਹੈ।
ਨੋਟਿਸਾਂ ਵਿੱਚ ਕੇਜਰੀਵਾਲ ਤੇ ਮਾਨ ’ਤੇ ਪਰਵੇਸ਼ ਵਰਮਾ ਬਾਰੇ ਗ਼ਲਤ ਤੇ ਝੂਠੀ ਬਿਆਨਬਾਜ਼ੀ ਕਰਨ ਅਤੇ ਬੇਬੁਨਿਆਦ ਟਵੀਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਨੋਟਿਸਾਂ ਵਿੱਚ ਕਿਹਾ ਗਿਆ ਹੈ, ‘‘ਇਸ ਕਾਨੂੰਨੀ ਨੋਟਿਸ ਦੇ ਪ੍ਰਾਪਤ ਹੋਣ ਤੋਂ ਬਾਅਦ ਤੁਹਾਨੂੰ ਮੇਰੇ ਮੁਵੱਕਿਲ ਕੋਲੋਂ 48 ਘੰਟਿਆਂ ਦੇ ਅੰਦਰ ਮੁਆਫ਼ੀ ਮੰਗਣ ਦੇ ਨਾਲ ਇਕ ਸੌ ਕਰੋੜ ਰੁਪਏ (50-50 ਕਰੋੜ ਦੋਹਾਂ ਨੂੰ) ਮੇਰੇ ਮੁਵੱਕਿਲ ਨੂੰ ਉਸ ਦੇ ਮਾਣ ਸਨਮਾਨ ਦੇ ਹੋਏ ਨੁਕਸਾਨੇ ਦੀ ਭਰਪਾਈ ਲਈ ਦੇਣੇ ਹੋਣਗੇ। ਅਜਿਹਾ ਕਰਨ ਵਿੱਚ ਅਸਫ਼ਲ ਰਹਿਣ ’ਤੇ ਤੁਹਾਡੇ ਖ਼ਿਲਾਫ਼ ਕਾਨੂੰਨੀ ਅਦਾਲਤ ਤੇ ਪੁਲੀਸ ਵਿੱਚ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।’’
ਪੀਟੀਆਈ ਨਾਲ ਗੱਲਬਾਤ ਦੌਰਾਨ ਵਰਮਾ ਨੇ ਕਿਹਾ ਕਿ ਜੇ ਉਹ ਇਹ ਮੁਕੱਦਮੇ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਦੇ ਮਾਣ-ਸਨਮਾਨ ਦੀ ਭਰਪਾਈ ਲਈ ਮਿਲਣ ਵਾਲੀ ਰਕਮ ਉਹ ਆਪਣੇ ਹਲਕੇ ਨਵੀਂ ਦਿੱਲੀ ਦੇ ਵਿਕਾਸ ਕਾਰਜਾਂ ਵਿੱਚ ਲਗਾਉਣਗੇ, ਜਿੱਥੋਂ ਉਹ ਕੇਜਰੀਵਾਲ ਖ਼ਿਲਾਫ਼ ਵਿਧਾਨ ਸਭਾ ਚੋਣ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੇ ਸਿੱਖ ਭਾਈਚਾਰੇ ਲਈ ਕੀ ਕੀਤਾ ਹੈ।
ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਅੱਜ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪਰਵੇਸ਼ ਵਰਮਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਦਿੱਲੀ ਦਾ ਛੋਟਾ ਜਿਹਾ ਮੁੰਡਾ ਹੁਣ ਪੰਜਾਬੀਆਂ ਨੂੰ ਚੁਣੌਤੀ ਦੇ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਵਰਮਾ ਦੇ ਬਿਆਨ ’ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦੇਸ਼ ਤੇ ਪੰਜਾਬੀਆਂ ਕੋਲੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ, ‘‘ਕੀ ਸਾਰੇ ਪੰਜਾਬੀ ਅਤਿਵਾਦੀ, ਦੇਸ਼ਧ੍ਰੋਹੀ ਅਤੇ ਦੇਸ਼ ਲਈ ਖ਼ਤਰਾ ਹਨ?’’
ਵਰਮਾ ਨੇ ਅੱਜ ਕੇਜਰੀਵਾਲ ’ਤੇ ਨਵੀਂ ਦਿੱਲੀ ਚੋਣ ਖੇਤਰ ਵਿੱਚ ਪ੍ਰਚਾਰ ਕਰਨ ਲਈ ‘ਆਪ’ ਦੀ ਸੱਤਾ ਵਾਲੇ ਪੰਜਾਬ ਦੇ ਅਧਿਕਾਰਤ ਤੰਤਰ ਅਤੇ ਸਰੋਤਾਂ ਦਾ ਗਲਤ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਇਸ ਸਬੰਧੀ ਚੋਣ ਕਮਿਸ਼ਨ ਅਤੇ ਦਿੱਲੀ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ। ਵਰਮਾ ਨੇ ਕਿਹਾ ਸੀ, ‘‘ਪੰਜਾਬ ਵਿੱਚ ਰਜਿਸਟਰਡ ਹਜ਼ਾਰਾਂ ਗੱਡੀਆਂ ਇੱਥੇ ਘੁੰਮ ਰਹੀਆਂ ਹਨ। ਉਨ੍ਹਾਂ ਗੱਡੀਆਂ ਵਿੱਚ ਕੌਣ ਹਨ? ਇੱਥੇ 26 ਜਨਵਰੀ (ਗਣਤੰਤਰ ਦਿਵਸ) ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।’’ -ਪੀਟੀਆਈ