ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਕੂਲਾਂ ਨੂੰ ਮਿਲਦੀਆਂ ਬੰਬ ਦੀਆਂ ਧਮਕੀਆਂ ਕਾਰਨ ਮਾਪੇ ਚਿੰਤਤ

ਆਏ ਦਿਨ ਸਕੈਨਿੰਗ ਅਤੇ ਮੈਟਲ ਡਿਟੈਕਟਰ ਰਾਹੀਂ ਜਾਂਚ ਕਰਵਾਉਣ ਨਾਲ ਬੱਚਿਆਂ ਦਾ ਤਣਾਅ ਵਧਿਆ
ਧਮਕੀ ਮਿਲਣ ਮਗਰੋਂ ਦਿੱਲੀ ਦੇ ਸੋਵਰੇਨ ਸਕੂਲ ’ਚੋਂ ਬਾਹਰ ਆਉਂਦੇ ਹੋਏ ਬੱਚੇ। -ਫੋਟੋ: ਪੀਟੀਆਈ
Advertisement

ਕੌਮੀ ਰਾਜਧਾਨੀ ਵਿੱਚ 45 ਸਕੂਲਾਂ ਅਤੇ ਤਿੰਨ ਕਾਲਜਾਂ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਦਿੱਲੀ ਭਰ ਦੇ ਕਈ ਮਾਪਿਆਂ ਨੇ ਅੱਜ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦਾ ਫ਼ੈਸਲਾ ਕੀਤਾ। ਇਹ ਇਸ ਹਫ਼ਤੇ ਦੀ ਚੌਥੀ ਘਟਨਾ ਹੈ। ਪਸ਼ਚਿਮ ਵਿਹਾਰ ਦੇ ਰਿਚਮੰਡ ਸਕੂਲ ਵਿੱਚ ਪੜ੍ਹਦੇ ਇੱਕ ਵਿਦਿਆਰਥੀ ਦੀ ਮਾਤਾ ਪਰਮਿਤਾ ਸ਼ਰਮਾ ਨੇ ਕਿਹਾ, ‘ਮੈਂ ਅੱਜ ਆਪਣੇ ਪੁੱਤਰ ਨੂੰ (ਸਕੂਲ) ਨਹੀਂ ਭੇਜਿਆ। ਅਜਿਹਾ ਨਹੀਂ ਹੈ ਕਿ ਅਸੀਂ ਘਬਰਾ ਰਹੇ ਹਾਂ, ਪਰ ਵਾਰ-ਵਾਰ ਵਾਪਰ ਰਹੀਆਂ ਘਟਨਾਵਾਂ ਤੋਂ ਬਾਅਦ ਇੰਤਜ਼ਾਰ ਕਰਨਾ ਵਧੇਰੇ ਸੁਰੱਖਿਅਤ ਮਹਿਸੂਸ ਹੁੰਦਾ ਹੈ।’ ਇਸੇ ਤਰ੍ਹਾਂ ਰੋਹਿਣੀ ਦੇ ਇੱਕ ਸਕੂਲ ਵਿੱਚ ਪੜ੍ਹਦੀ ਵਿਦਿਆਰਥਣ ਦੇ ਪਿਤਾ ਵਿਕਰਮ ਸਿੰਘ ਨੇ ਕਿਹਾ ‘ਭਾਵੇਂ ਕੁਝ ਵੀ ਗੰਭੀਰ ਨਹੀਂ ਮਿਲਦਾ ਪਰ ਅਜਿਹੀਆਂ ਧਮਕੀਆਂ ਬੱਚਿਆਂ ਅਤੇ ਮਾਪਿਆਂ ਦੀ ਮਾਨਸਿਕ ਸ਼ਾਂਤੀ ਨੂੰ ਭੰਗ ਕਰਦੀਆਂ ਹਨ। ਅਸੀਂ ਆਪਣੇ ਮਾਪਿਆਂ ਦੇ ਗਰੁੱਪ ਵਿੱਚ ਇਸ ਬਾਰੇ ਚਰਚਾ ਕੀਤੀ ਅਤੇ ਸਾਡੇ ’ਚੋਂ ਬਹੁਤਿਆਂ ਨੇ ਆਪੋ-ਆਪਣੇ ਬੱਚਿਆਂ ਨੂੰ ਇੱਕ ਦਿਨ ਲਈ ਸਕੂਲ ਨਾ ਭੇਜਣ ਦਾ ਫ਼ੈਸਲਾ ਕੀਤਾ।’

ਪਸ਼ਚਿਮ ਵਿਹਾਰ ਦੇ ਦੂਨ ਪਬਲਿਕ ਸਕੂਲ ਵਿੱਚ 8ਵੀਂ ਜਮਾਤ ਦੇ ਵਿਦਿਆਰਥੀ ਦੀ ਮਾਂ ਟਵਿੰਕਲ ਗੁਜਰਾਲ ਨੇ ਕਿਹਾ ਕਿ ਵਾਰ-ਵਾਰ ਧਮਕੀਆਂ ਕਾਰਨ ਬੱਚਿਆਂ ਦਾ ਧਿਆਨ ਪੜ੍ਹਾਈ ਵਿੱਚ ਨਹੀਂ ਲੱਗਦਾ। ਉਨ੍ਹਾਂ ਕਿਹਾ, ‘ਅਜਿਹੀਆਂ ਖ਼ਬਰਾਂ ਪੜ੍ਹਨ ਅਤੇ ਆਪਣੇ ਬੱਚਿਆਂ ਨੂੰ ਘਰ ਵਾਪਸ ਲਿਜਾਣ ਲਈ ਸੁਨੇਹੇ ਮਿਲਣ ਨਾਲ ਸਾਡੇ ਮਨਾਂ ਵਿੱਚ ਘਬਰਾਹਟ ਪੈਦਾ ਹੁੰਦੀ ਹੈ। ਪ੍ਰੀਖਿਆਵਾਂ ਨੇੜੇ ਹਨ, ਅਤੇ ਇਹ ਸਾਰੀਆਂ ਘਟਨਾਵਾਂ ਪੜ੍ਹਾਈ ਅਤੇ ਮਾਨਸਿਕ ਸ਼ਾਂਤੀ ਦੋਵਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਬੱਚਿਆਂ ਲਈ ਵਾਰ-ਵਾਰ ਸਕੈਨਿੰਗ ਅਤੇ ਮੈਟਲ ਡਿਟੈਕਟਰ ਜਾਂਚ ਕਰਵਾਉਣਾ ਮਾਨਸਿਕ ਤੌਰ ’ਤੇ ਥਕਾਵਟ ਵਾਲਾ ਹੈ।’

Advertisement

ਸੋਵਰੇਨ ਪਬਲਿਕ ਸਕੂਲ, ਜਿੱਥੇ ਧਮਕੀ ਵਾਲੀ ਈਮੇਲ ਪ੍ਰਾਪਤ ਹੋਈ ਸੀ, ਵਿੱਚ ਸਥਿਤੀ ਕਾਬੂ ਹੇਠ ਰਹੀ। ਪੁਲੀਸ ਜਾਂਚ ਵਿੱਚ ਕੁਝ ਵੀ ਸ਼ੱਕੀ ਨਾ ਮਿਲਣ ਤੋਂ ਬਾਅਦ ਸਕੂਲ ਨੇ ਨਿਯਮਤ ਕਲਾਸਾਂ ਮੁੜ ਸ਼ੁਰੂ ਕਰ ਦਿੱਤੀਆਂ। ਸਕੂਲ ਚੇਅਰਪਰਸਨ ਆਰਕੇ ਜਿੰਦਲ ਨੇ ਕਿਹਾ, ‘ਅਸੀਂ ਈਮੇਲ ਪ੍ਰਾਪਤ ਹੋਣ ’ਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੂਰੀ ਜਾਂਚ ਤੋਂ ਬਾਅਦ ਅਸੀਂ ਕਲਾਸਾਂ ਚਲਾ ਰਹੇ ਹਾਂ। ਅਸੀਂ ਇਸ ਸਾਲ ਦੇ ਸ਼ੁਰੂ ਵਿੱਚ ਐਮਰਜੈਂਸੀ ਡਰਿੱਲਾਂ ਪਹਿਲਾਂ ਹੀ ਕਰ ਚੁੱਕੇ ਸੀ, ਜਿਸ ਨਾਲ ਸਾਨੂੰ ਇਸ ਨਾਲ ਨਜਿੱਠਣ ਵਿੱਚ ਮਦਦ ਮਿਲੀ।’

ਇਸ ਦੌਰਾਨ ਦਵਾਰਕਾ ਦੇ ਸੇਂਟ ਥਾਮਸ ਸਕੂਲ ਵਿੱਚ ਇੱਕ ਵਿਦਿਆਰਥੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਆਪਣੀ ਧੀ ਨੂੰ ਸਕੂਲ ਤੋਂ ਲੈਣ ਲਈ ਕੰਮ ਅੱਧ ਵਿਚਾਲੇ ਛੱਡਣਾ ਪਿਆ। ਉਸ ਨੇ ਕਿਹਾ, ‘ਭਾਵੇਂ ਕੁਝ ਵੀ ਨਾ ਹੋਵੇ, ਅਸੀਂ ਇਨ੍ਹਾਂ ਸੁਨੇਹਿਆਂ ਦੇ ਡਰ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਮਾਪੇ ਕੰਮ ’ਤੇ ਧਿਆਨ ਨਹੀਂ ਦੇ ਸਕਦੇ ਅਤੇ ਬੱਚੇ ਵੀ ਤਣਾਅ ਮਹਿਸੂਸ ਕਰਦੇ ਹਨ।’

Advertisement