ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਨਾਟਕ ਬੇਤੁੱਕਾ: ਭਾਰਤ
ਇਹ ਟਿੱਪਣੀ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੀ ਪਹਿਲੀ ਸਕੱਤਰ ਪੇਟਲ ਗਹਿਲੋਤ ਨੇ ਕੀਤੀ।
ਇਹ ਟਿੱਪਣੀ ਉਸ ਸਮੇਂ ਆਈ ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ ਮਹਾਸਭਾ (UNGA) ਦੇ 80ਵੇਂ ਸੈਸ਼ਨ ਦੀ ਆਮ ਬਹਿਸ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਦੋਵੇਂ ਪ੍ਰਮਾਣੂ ਹਥਿਆਰਾਂ ਵਾਲੇ ਗੁਆਂਢੀਆਂ ਵਿਚਕਾਰ ਜੰਗ ਟਾਲਣ ਦਾ ਸਿਹਰਾ ਦਿੱਤਾ ਸੀ।
ਗਹਿਲੋਤ ਨੇ UNGA ਵਿੱਚ ਭਾਰਤ ਦੇ ਜਵਾਬ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕਿਹਾ, ‘‘ਇਸ ਅਸੈਂਬਲੀ ਨੇ ਸਵੇਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਅਜੀਬ ਨਾਟਕ ਦੇਖਿਆ, ਜਿਸ ਨੇ ਇੱਕ ਵਾਰ ਫਿਰ ਅਤਿਵਾਦ ਦਾ ਗੁਣਗਾਨ ਕੀਤਾ ਜੋ ਉਨ੍ਹਾਂ ਦੀ ਵਿਦੇਸ਼ ਨੀਤੀ ਦਾ ਕੇਂਦਰੀ ਹਿੱਸਾ ਹੈ।’’
ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਲ ਹੀ ਵਿੱਚ ਹੋਏ ਤਣਾਅ ਦਾ ਇੱਕ ‘ਅਜੀਬ’ ਬਿਰਤਾਂਤ ਪੇਸ਼ ਕੀਤਾ ਜਦੋਂ ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਅਤਿਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਅਤੇ ਮਕਬੂਜ਼ਾ ਕਸ਼ਮੀਰ ਵਿੱਚ ਅਤਿਵਾਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦਿਆਂ ‘ਅਪਰੇਸ਼ਨ ਸਿੰਧੂਰ’ ਸ਼ੁਰੂ ਕੀਤਾ ਸੀ, ਜਿਸ ਵਿੱਚ 26 ਨਾਗਰਿਕ ਮਾਰੇ ਗਏ ਸਨ।
ਪਾਕਿਸਤਾਨ ਸਥਿਤ ਅਤਿਵਾਦੀ ਸਮੂਹ ਲਸ਼ਕਰ-ਏ-ਤਾਇਬਾ (LeT) ਦੀ ਇੱਕ ਸ਼ਾਖਾ, ਰੈਜ਼ਿਸਟੈਂਸ ਫਰੰਟ (TRF) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।
ਭਾਰਤ ਨੇ ਕਿਹਾ, ‘‘9 ਮਈ ਤੱਕ, ਪਾਕਿਸਤਾਨ ਭਾਰਤ ’ਤੇ ਹੋਰ ਹਮਲਿਆਂ ਦੀ ਧਮਕੀ ਦੇ ਰਿਹਾ ਸੀ ਪਰ 10 ਮਈ ਨੂੰ ਪਾਕਿਸਤਾਨੀ ਫ਼ੌਜ ਨੇ ਸਿੱਧੇ ਤੌਰ ’ਤੇ ਸਾਡੇ ਨਾਲ ਲੜਾਈ ਬੰਦ ਕਰਨ ਲਈ ਬੇਨਤੀ ਕੀਤੀ। ਵਿਚਕਾਰਲੀ ਘਟਨਾ ਭਾਰਤੀ ਫ਼ੌਜਾਂ ਦੁਆਰਾ ਕਈ ਪਾਕਿਸਤਾਨੀ ਹਵਾਈ ਅੱਡਿਆਂ ਦੀ ਕੀਤੀ ਗਈ ਤਬਾਹੀ ਸੀ। ਉਸ ਨੁਕਸਾਨ ਦੀਆਂ ਤਸਵੀਰਾਂ ਬੇਸ਼ੱਕ ਜਨਤਕ ਤੌਰ ’ਤੇ ਮੌਜੂਦ ਹਨ।’’
ਸ਼ਰੀਫ ਦੁਆਰਾ ਸ਼ੁੱਕਰਵਾਰ ਸਵੇਰੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਆਪਣੇ ਸੰਬੋਧਨ ਵਿੱਚ ਭਾਰਤ ਨਾਲ ਹਾਲ ਹੀ ਵਿੱਚ ਹੋਏ ਟਕਰਾਅ ਦੌਰਾਨ ਉਨ੍ਹਾਂ ਦੇ ਦੇਸ਼ ਨੇ ‘ਜੰਗ ਜਿੱਤੀ’ ਕਹਿਣ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਕੀਤੀ ਗਈ ‘ਜੰਗਬੰਦੀ’ ਦਾ ਹਵਾਲਾ ਦੇਣ ਅਤੇ ਕਸ਼ਮੀਰ ਦਾ ਮੁੱਦਾ ਉਠਾਉਣ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੀ ਨਿੰਦਾ ਕੀਤੀ।
ਸ਼ਰੀਫ ਨੇ ਕਿਹਾ ਸੀ ਕਿ ਪਾਕਿਸਤਾਨੀ ਫ਼ੌਜਾਂ ਨੇ ਭਾਰਤ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ ਸੀ ਅਤੇ ਦਾਅਵਾ ਕੀਤਾ ਸੀ ਕਿ ਸੱਤ ਭਾਰਤੀ ਜੈੱਟਾਂ ਦੇ ਪਰਖੱਚੇ ਉਡਾ ਦਿੱਤੇ ਗਏ ਸਨ।
ਭਾਰਤ ਨੇ ਤਿੱਖਾ ਜਵਾਬ ਦਿੰਦਿਆਂ ਕਿਹਾ ਕਿ ‘ਜੇਕਰ ਤਬਾਹ ਹੋਏ ਰਨਵੇਅ ਜਿੱਤ ਵਾਂਗ ਦਿਖਾਈ ਦਿੰਦੇ ਹਨ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਤਾਂ ਪਾਕਿਸਤਾਨ ਦਾ ਅਜਿਹਾ ਮਜ਼ਾ ਲੈਣ ਲਈ ਸਵਾਗਤ ਹੈ।’’
ਗਹਿਲੋਤ ਨੇ UNGA ਹਾਲ ਵਿੱਚ ਕਿਹਾ ਕਿ ‘ਅਸੀਂ ਅਪਰੇਸ਼ਨ ਸਿੰਧੂਰ ਦੌਰਾਨ ਭਾਰਤੀ ਫ਼ੌਜਾਂ ਦੁਆਰਾ ਬਹਾਵਲਪੁਰ ਅਤੇ ਮੁਰੀਦਕੇ ਅਤਿਵਾਦੀ ਕੰਪਲੈਕਸਾਂ ਵਿੱਚ ਮਾਰੇ ਗਏ ਅਤਿਵਾਦੀਆਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ।’’
ਉਨ੍ਹਾਂ ਕਿਹਾ, ‘‘ਜਦੋਂ ਸੀਨੀਅਰ ਪਾਕਿਸਤਾਨੀ ਫ਼ੌਜੀ ਅਤੇ ਸਿਵਲੀਅਨ ਅਧਿਕਾਰੀ ਜਨਤਕ ਤੌਰ ’ਤੇ ਅਜਿਹੇ ਬਦਨਾਮ ਅਤਿਵਾਦੀਆਂ ਦੀ ਵਡਿਆਈ ਕਰਦੇ ਹਨ ਅਤੇ ਸ਼ਰਧਾਂਜਲੀ ਦਿੰਦੇ ਹਨ ਤਾਂ ਕੀ ਇਸ ਸ਼ਾਸਨ ਦੀਆਂ ਗਤੀਵਿਧੀਆਂ ਬਾਰੇ ਕੋਈ ਸ਼ੱਕ ਹੋ ਸਕਦਾ ਹੈ।’’
‘ਅਪਰੇਸ਼ਨ ਸਿੰਧੂਰ’ ਤੋਂ ਬਾਅਦ ਇੱਕ ਵਾਇਰਲ ਫੋਟੋ ਵਿੱਚ ਲਸ਼ਕਰ-ਏ-ਤਾਇਬਾ ਦੇ ਅਤਿਵਾਦੀ ਹਾਫਿਜ਼ ਅਬਦੁਲ ਰਾਊਫ ਨੂੰ ਮੁਰੀਦਕੇ ਵਿੱਚ ਲਸ਼ਕਰ ਦੇ ਹੈੱਡਕੁਆਰਟਰ ’ਤੇ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਲਈ ਅਰਦਾਸ ਕਰਨ ਦੀ ਅਗਵਾਈ ਕਰਦੇ ਦਿਖਾਇਆ ਗਿਆ, ਜਿਸ ਵਿੱਚ ਪਾਕਿਸਤਾਨੀ ਫ਼ੌਜ ਦੇ ਮੈਂਬਰ ਸ਼ਾਮਲ ਹੋਏ।
ਭਾਰਤ ਨੇ ਕਿਹਾ ਕਿ ਨਵੀਂ ਦਿੱਲੀ ਅਤੇ ਇਸਲਾਮਾਬਾਦ ਦੇ ਮਾਮਲਿਆਂ ਵਿੱਚ ਕਿਸੇ ਵੀ ਤੀਜੀ ਧਿਰ ਦੇ ਦਖ਼ਲ ਲਈ ਕੋਈ ਥਾਂ ਨਹੀਂ ਹੈ।
ਗਹਿਲੋਤ ਨੇ ਕਿਹਾ, ‘‘ਭਾਰਤ ਅਤੇ ਪਾਕਿਸਤਾਨ ਲੰਬੇ ਸਮੇਂ ਤੋਂ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਉਨ੍ਹਾਂ ਵਿਚਕਾਰ ਕਿਸੇ ਵੀ ਬਕਾਇਆ ਮੁੱਦੇ ਨੂੰ ਦੁਵੱਲੇ ਤੌਰ ’ਤੇ ਹੱਲ ਕੀਤਾ ਜਾਵੇਗਾ। ਇਸ ਸਬੰਧੀ ਕਿਸੇ ਵੀ ਤੀਜੀ ਧਿਰ ਲਈ ਕੋਈ ਥਾਂ ਨਹੀਂ ਹੈ।’’
ਸ਼ਰੀਫ ਨੇ ਦਾਅਵਾ ਕੀਤਾ ਸੀ ਕਿ ਜਦੋਂ ਪਾਕਿਸਤਾਨ ‘ਤਾਕਤ ਦੀ ਸਥਿਤੀ’ ਵਿੱਚ ਸੀ ਤਾਂ ਉਹ ਟਰੰਪ ਦੀ ‘ਦਲੇਰ ਅਤੇ ਦੂਰਦਰਸ਼ੀ ਲੀਡਰਸ਼ਿਪ’ ਦੀ ਅਗਵਾਈ ਵਿੱਚ ਜੰਗਬੰਦੀ ਲਈ ਸਹਿਮਤ ਹੋਇਆ ਸੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਅਮਰੀਕੀ ਨੇਤਾ ਅਤੇ ਉਨ੍ਹਾਂ ਦੀ ਟੀਮ ਦਾ ‘ਜੰਗਬੰਦੀ ਲਿਆਉਣ ਵਿੱਚ ਉਨ੍ਹਾਂ ਦੀ ਸਰਗਰਮ ਭੂਮਿਕਾ’ ਲਈ ਧੰਨਵਾਦ ਕੀਤਾ।
ਭਾਰਤ ਨੇ ਲਗਾਤਾਰ ਕਿਹਾ ਹੈ ਕਿ ਦੋਵਾਂ ਫ਼ੌਜਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਅਪਰੇਸ਼ਨਜ਼ ਦਰਮਿਆਨ ਸਿੱਧੀ ਗੱਲਬਾਤ ਤੋਂ ਬਾਅਦ ਪਾਕਿਸਤਾਨ ਨਾਲ ਤਣਾਅ ਖਤਮ ਕਰਨ ਦੇ ਫ਼ੈਸਲੇ ’ਤੇ ਪਹੁੰਚਿਆ ਸੀ।
ਗਹਿਲੋਤ ਨੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਉਭਾਰਿਆ ਕਿ ਇਹ ਪਾਕਿਸਤਾਨ ਸੀ ਜਿਸ ਨੇ 25 ਅਪਰੈਲ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ‘ਦਿ ਰੈਜ਼ਿਸਟੈਂਸ ਫਰੰਟ’ ਨੂੰ ਜੰਮੂ ਕਸ਼ਮੀਰ ਵਿੱਚ ਸੈਲਾਨੀਆਂ ਦੇ ਵਹਿਸ਼ੀ ਕਤਲੇਆਮ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਤੋਂ ‘ਬਚਾਇਆ’ ਸੀ।
ਉਨ੍ਹਾਂ ਕਿਹਾ, ‘‘ਕਿਸੇ ਵੀ ਪੱਧਰ ਦਾ ਡਰਾਮਾ ਅਤੇ ਕਿਸੇ ਵੀ ਪੱਧਰ ਦਾ ਝੂਠ ਤੱਥਾਂ ਨੂੰ ਲੁਕੋ ਨਹੀਂ ਸਕਦਾ।’’
ਪਹਿਲਗਾਮ ਹਮਲੇ ਤੋਂ ਬਾਅਦ 15 ਦੇਸ਼ਾਂ ਦੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ 25 ਅਪਰੈਲ ਨੂੰ ਇੱਕ ਪ੍ਰੈੱਸ ਬਿਆਨ ਜਾਰੀ ਕੀਤਾ ਸੀ ਜਿਸ ਵਿੱਚ ਮੈਂਬਰਾਂ ਨੇ ਅਤਿਵਾਦ ਦੇ ਨਿੰਦਣਯੋਗ ਕੰਮ ਦੇ ਦੋਸ਼ੀਆਂ, ਪ੍ਰਬੰਧਕਾਂ, ਵਿੱਤਦਾਤਾਵਾਂ ਅਤੇ ਸਪਾਂਸਰਾਂ ਨੂੰ ਜਵਾਬਦੇਹ ਬਣਾਉਣ ਅਤੇ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਦੀ ਲੋੜ ’ਤੇ ਜ਼ੋਰ ਦਿੱਤਾ ਸੀ।
ਹਾਲਾਂਕਿ ਪ੍ਰੈੱਸ ਬਿਆਨ ਵਿੱਚ TRF ਦਾ ਜ਼ਿਕਰ ਹਮਲੇ ਲਈ ਜ਼ਿੰਮੇਵਾਰ ਸਮੂਹ ਵਜੋਂ ਨਹੀਂ ਕੀਤਾ ਗਿਆ ਸੀ ਕਿਉਂਕਿ ਪਾਕਿਸਤਾਨ ਨਾਮ ਹਟਾਉਣ ਵਿੱਚ ਕਾਮਯਾਬ ਹੋ ਗਿਆ ਸੀ।
ਗਹਿਲੋਤ ਨੇ ਕਿਹਾ, ‘‘ਅਸੀਂ ਅਜਿਹੀਆਂ ਕਾਰਵਾਈਆਂ ਤੋਂ ਆਪਣੇ ਲੋਕਾਂ ਦਾ ਬਚਾਅ ਕਰਨ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ ਅਤੇ ਪ੍ਰਬੰਧਕਾਂ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਹੈ।’’
ਉਨ੍ਹਾਂ ਪਾਕਿਸਤਾਨ ’ਤੇ “ਅਤਿਵਾਦ ਨੂੰ ਸਥਾਪਤ ਕਰਨ ਅਤੇ ਹੁਲਾਰਾ ਦੇਣ” ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੂੰ ਇਸ ਉਦੇਸ਼ ਲਈ ਸਭ ਤੋਂ ਹਾਸੋਹੀਣੇ ਬਿਰਤਾਂਤਾਂ ਨੂੰ ਅੱਗੇ ਵਧਾਉਣ ਵਿੱਚ ਕੋਈ ਸ਼ਰਮ ਨਹੀਂ ਹੈ।
ਗਹਿਲੋਤ ਨੇ ਕਿਹਾ, ‘‘ਆਓ ਯਾਦ ਕਰੀਏ ਕਿ ਇਸ ਨੇ ਇੱਕ ਦਹਾਕੇ ਤੱਕ Osama bin Laden ਨੂੰ ਪਨਾਹ ਦਿੱਤੀ, ਭਾਵੇਂ ਕਿ ਅਤਿਵਾਦ ਖ਼ਿਲਾਫ਼ ਜੰਗ ਵਿੱਚ ਭਾਈਵਾਲ ਹੋਣ ਦਾ ਦਿਖਾਵਾ ਕੀਤਾ। ਇਸ ਦੇ ਮੰਤਰੀਆਂ ਨੇ ਹਾਲ ਹੀ ਵਿੱਚ ਸਵੀਕਾਰਿਆ ਹੈ ਕਿ ਉਹ ਦਹਾਕਿਆਂ ਤੋਂ ਅਤਿਵਾਦੀ ਕੈਂਪ ਚਲਾ ਰਹੇ ਹਨ।’’
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਿੱਥੇ ਅਤਿਵਾਦ ਦਾ ਸਵਾਲ ਹੈ, ਭਾਰਤ ਇਹ ਸਪੱਸ਼ਟ ਕਰ ਰਿਹਾ ਹੈ ਕਿ ਅਤਿਵਾਦੀਆਂ ਅਤੇ ਉਨ੍ਹਾਂ ਨੂੰ ਸ਼ਰਨ ਦੇਣ ਵਾਲਿਆਂ ਵਿੱਚ ਕੋਈ ਫਰਕ ਨਹੀਂ ਕੀਤਾ ਜਾਵੇਗਾ।
ਗਹਿਲੋਤ ਨੇ ਕਿਹਾ, ‘‘ਦੋਵਾਂ ਨੂੰ ਜਵਾਬਦੇਹ ਠਹਿਰਾਇਆ ਜਾਵੇਗਾ। ਨਾ ਹੀ ਅਸੀਂ ਪ੍ਰਮਾਣੂ ਬਲੈਕਮੇਲ ਦੀ ਆੜ ਹੇਠ ਅਤਿਵਾਦ ਨੂੰ ਅਮਲ ਵਿੱਚ ਲਿਆਉਣ ਦੀ ਇਜਾਜ਼ਤ ਦੇਵਾਂਗੇ। ਭਾਰਤ ਕਦੇ ਵੀ ਅਜਿਹੀਆਂ ਧਮਕੀਆਂ ਅੱਗੇ ਨਹੀਂ ਝੁਕੇਗਾ। ਭਾਰਤ ਦਾ ਦੁਨੀਆ ਨੂੰ ਸੁਨੇਹਾ ਸਪੱਸ਼ਟ ਹੈ; ਅਤਿਵਾਦ ਲਈ ਜ਼ੀਰੋ-ਟੌਲਰੈਂਸ ਹੋਣਾ ਚਾਹੀਦਾ ਹੈ।’’
ਸ਼ਹਿਬਾਜ਼ ਸ਼ਰੀਫ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ ਕਿ ਉਨ੍ਹਾਂ ਦਾ ਦੇਸ਼ ਸਾਰੇ ਬਕਾਇਆ ਮੁੱਦਿਆਂ ’ਤੇ ਭਾਰਤ ਨਾਲ ‘ਸੰਯੁਕਤ, ਵਿਆਪਕ ਅਤੇ ਨਤੀਜਾ-ਮੁਖੀ’ ਗੱਲਬਾਤ ਲਈ ਤਿਆਰ ਹੈ’ ਗਹਿਲੋਤ ਨੇ ਕਿਹਾ ਕਿ ਜੇਕਰ ਉਹ ਸੱਚਮੁੱਚ ਇਮਾਨਦਾਰ ਹਨ ਤਾਂ ਰਾਹ ਸਾਫ਼ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਤੁਰੰਤ ਸਾਰੇ ਅਤਿਵਾਦੀ ਕੈਂਪ ਬੰਦ ਕਰਨੇ ਚਾਹੀਦੇ ਹਨ ਅਤੇ ਭਾਰਤ ਵਿੱਚ ਲੋੜੀਂਦੇ ਅਤਿਵਾਦੀਆਂ ਨੂੰ ਸੌਂਪਣਾ ਚਾਹੀਦਾ ਹੈ।