Pak ready for dialogue with India: FM Dar; ਕਸ਼ਮੀਰ ਤੇ ਹੋਰ ਲੰਬਿਤ ਮੁੱਦਿਆਂ 'ਤੇ ਭਾਰਤ ਨਾਲ ਗੱਲਬਾਤ ਲਈ ਪਾਕਿਸਤਾਨ ਤਿਆਰ: ਡਾਰ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਹਾਕ ਡਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੁਲਕ ਕਸ਼ਮੀਰ ਅਤੇ ਹੋਰ ਸਾਰੇ ਲੰਬਿਤ ਮੁੱਦਿਆਂ 'ਤੇ ਚਰਚਾ ਲਈ ਭਾਰਤ ਨਾਲ ਵਿਆਪਕ ਗੱਲਬਾਤ ਵਾਸਤੇ ਤਿਆਰ ਹੈ।
ਇਸਲਾਮਾਬਾਦ ਵਿੱਚ ਸੰਸਦ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਰ ਨੇ ਕਿਹਾ, ‘‘ਗੱਲਬਾਤ, ਜਦੋਂ ਵੀ ਹੋਵੇਗੀ, ਸਿਰਫ਼ ਕਸ਼ਮੀਰ 'ਤੇ ਹੀ ਨਹੀਂ, ਸਗੋਂ ਸਾਰੇ ਮੁੱਦਿਆਂ 'ਤੇ ਹੋਵੇਗੀ।" ਉਨ੍ਹਾਂ ਤੋਂ ਭਾਰਤ ਨਾਲ ਗੱਲਬਾਤ ਸਬੰਧੀ ਪੁੱਛਿਆ ਗਿਆ ਸੀ।
ਭਾਰਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਨਾਲ ਸਿਰਫ਼ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਲੈਣ ਅਤੇ ਅਤਿਵਾਦ ਦੇ ਮੁੱਦੇ 'ਤੇ ਹੀ ਗੱਲਬਾਤ ਕਰੇਗਾ।
ਡਾਰ, ਜੋ ਉਪ ਪ੍ਰਧਾਨ ਮੰਤਰੀ ਵੀ ਹਨ, ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤ ਨਾਲ ਗੱਲਬਾਤ ਕਿਸੇ ਇੱਕ-ਨੁਕਾਤੀ ਏਜੰਡੇ 'ਤੇ ਨਹੀਂ ਹੋਵੇਗੀ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਿਸੇ ਵਿਚੋਲਗੀ ਦੀ ਬੇਨਤੀ ਨਹੀਂ ਕੀਤੀ ਸੀ, ਪਰ ਉਨ੍ਹਾਂ ਨੂੰ ਇੱਕ ਨਿਰਪੱਖ ਦੇਸ਼ ਵਿੱਚ ਮੀਟਿੰਗ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਦਾਅਵਾ ਕੀਤਾ, "ਸਾਨੂੰ ਕਿਸੇ ਨਿਰਪੱਖ ਥਾਂ 'ਤੇ ਮੀਟਿੰਗ ਕਰਨ ਲਈ ਕਿਹਾ ਗਿਆ ਸੀ ਅਤੇ ਮੈਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ।"
ਡਾਰ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਭਾਰਤ ਨਾਲ ਜੰਗਬੰਦੀ ਲਈ ਅਮਰੀਕਾ ਤੋਂ ਕਾਲ ਆਈ ਸੀ।
ਡਾਰ ਨੇ ਕਿਹਾ, "ਮੈਨੂੰ ਅਮਰੀਕਾ ਤੋਂ ਜੰਗਬੰਦੀ ਸਬੰਧੀ ਕਾਲ ਆਈ ਸੀ। ਮੈਂ ਸਪੱਸ਼ਟ ਕਰ ਦਿੱਤਾ ਸੀ ਕਿ ਪਾਕਿਸਤਾਨ ਜੰਗ ਨਹੀਂ ਚਾਹੁੰਦਾ।" ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ, ਜਿਸ ਵਿੱਚ 26 ਜਣੇ ਮਾਰੇ ਗਏ ਸਨ, ਦੇ ਜਵਾਬ ਵਿੱਚ 7 ਮਈ ਨੂੰ ਤੜਕੇ 'ਅਪਰੇਸ਼ਨ ਸਿੰਧੂਰ' ਤਹਿਤ ਅਤਿਵਾਦੀ ਢਾਂਚੇ ’ਤੇ ਸਟੀਕ ਹਮਲੇ ਕੀਤੇ।
ਭਾਰਤੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫੌਜੀ ਟਿਕਾਣਿਆਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਭਾਰਤੀ ਫੌਜਾਂ ਨੇ ਕਈ ਪਾਕਿਸਤਾਨੀ ਫੌਜੀ ਟਿਕਾਣਿਆਂ 'ਤੇ ਭਿਆਨਕ ਜਵਾਬੀ ਹਮਲਾ ਕੀਤਾ।
ਭਾਰਤ ਅਤੇ ਪਾਕਿਸਤਾਨ ਨੇ ਚਾਰ ਦਿਨਾਂ ਦੇ ਸਰਹੱਦ ਪਾਰ ਡਰੋਨ ਅਤੇ ਮਿਜ਼ਾਈਲ ਹਮਲਿਆਂ ਮਗਰੋਂ 10 ਮਈ ਨੂੰ ਟਕਰਾਅ ਖਤਮ ਕਰਨ ਲਈ ਇੱਕ ਸਮਝੌਤਾ ਕੀਤਾ ਸੀ।
ਡਾਰ ਨੇ ਕਿਹਾ ਕਿ ਭਾਰਤ ਨਾਲ ਜੰਗਬੰਦੀ ਸਮਝੌਤਾ ਬਰਕਰਾਰ ਹੈ। ਇੱਕ ਸਵਾਲ ਦੇ ਜਵਾਬ ਵਿੱਚ ਡਾਰ ਨੇ ਕਿਹਾ ਕਿ ਅਮਰੀਕੀ ਵਿਦੇਸ਼ ਮੰਤਰੀ ਦਾ ਪਾਕਿਸਤਾਨ ਦੌਰਾ ਅਜੇ ਤੈਅ ਨਹੀਂ ਹੋਇਆ।