ਸਾਡੀਆਂ ਧੀਆਂ ਨਾਰੀ ਸ਼ਕਤੀ ਦੀਆਂ ਪ੍ਰਤੀਕ: ਰੇਖਾ ਗੁਪਤਾ
ਨੌਵੀਂ ਦੇ ਸ਼ੁਭ ਮੌਕੇ ’ਤੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਹੈਦਰਪੁਰ ਦੇ ਕੁੜੀਆਂ ਦੇ ਸਰਕਾਰੀ ਸੈਕੰਡਰੀ ਸਕੂਲ ਵਿੱਚ ‘ਕੰਨਿਆ ਪੂਜਾ’ ਕੀਤੀ, ਜਿਸ ਵਿੱਚ ਕੁੜੀਆਂ ਦੇ ਅਧਿਆਤਮਕ ਅਤੇ ਸੱਭਿਆਚਾਰਕ ਮਹੱਤਵ ਨੂੰ ਨਾਰੀ ਊਰਜਾ ਦੇ ਰੂਪ ਵਜੋਂ ਮਨਾਇਆ ਗਿਆ। ਇਸ ਦੌਰਾਨ ਕੰਜਕਾਂ ਪੂਜਣ ਦਾ ਸਮਾਗਮ ਰੱਖਿਆ ਗਿਆ। ਸਮਾਰੋਹ ਦੌਰਾਨ ਵਿਦਿਆਰਥੀਆਂ, ਫੈਕਲਟੀ ਅਤੇ ਸਥਾਨਕ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਿੱਖਿਆ, ਮੌਕੇ ਅਤੇ ਸੱਭਿਆਚਾਰਕ ਮਾਣ ਰਾਹੀਂ ਕੁੜੀਆਂ ਨੂੰ ਸਮਰੱਥ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਲੜਕੀਆਂ ਦੇ ਸਮਾਜ ਵਿੱਚ ਸਹੀ ਮਾਹੌਲ ਤਹਿਤ ਵਿਕਾਸ ਲਈ ਮੌਕੇ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀਆਂ ਧੀਆਂ ਨਾਰੀ ਸ਼ਕਤੀ ਦੀਆਂ ਪ੍ਰਤੀਕ ਹਨ ਅਤੇ ਸਾਡੇ ਦੇਸ਼ ਵਿੱਚ ਧੀਆਂ ਅਤੇ ਜਵਾਨ ਕੁੜੀਆਂ ਨੂੰ ਹਮੇਸ਼ਾ ਮਾਂ ਦੇਵੀ ਦਾ ਰੂਪ ਮੰਨਿਆ ਜਾਂਦਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਾਲਾਂ ਤੋਂ ਅਸੀਂ ਕੰਨਿਆ ਪੂਜਨ ਦਾ ਤਿਉਹਾਰ ਮਨਾਉਂਦੇ ਹਾਂ। ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਵੀ ਮੇਰਾ ਪੱਕਾ ਵਿਸ਼ਵਾਸ ਹੈ ਕਿ ਸਾਡੇ ਦੇਸ਼ ਅਤੇ ਸਮਾਜ ਦਾ ਭਵਿੱਖ ਸਾਡੀਆਂ ਧੀਆਂ ਵਿੱਚ ਹੈ। ਅਸੀਂ ਉਨ੍ਹਾਂ ਨੂੰ ਜਿੰਨਾ ਜ਼ਿਆਦਾ ਪਿਆਰ, ਦੇਖਭਾਲ ਅਤੇ ਮੌਕੇ ਦੇਵਾਂਗੇ, ਦੇਸ਼ ਦਾ ਭਵਿੱਖ ਓਨਾ ਹੀ ਚੰਗਾ ਹੋਵੇਗਾ। ਆਪਣੇ ਦੌਰੇ ਦੌਰਾਨ ਇੱਕ ਮਹੱਤਵਪੂਰਨ ਐਲਾਨ ਵਿੱਚ ਮੁੱਖ ਮੰਤਰੀ ਨੇ ਸਾਂਝਾ ਕੀਤਾ ਕਿ ਸਰਕਾਰ ਨੇ ਇਲਾਕੇ ਵਿੱਚ ਇੱਕ ਨਵੇਂ ਸਕੂਲ ਲਈ ਜ਼ਮੀਨ ਸੁਰੱਖਿਅਤ ਕਰ ਲਈ ਹੈ। ਉਨ੍ਹਾਂ ਕਿਹਾ, “ਮੈਂ ਇਸ ਪਿੰਡ ਦੇ ਨੇੜਲੇ ਇਲਾਕਿਆਂ ਅਤੇ ਹਰ ਕਲੋਨੀ ਦੇ ਸਾਰੇ ਬੱਚਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਲਾਂ ਤੋਂ ਸਾਡੇ ਇਲਾਕੇ ਵਿੱਚ 12ਵੀਂ ਜਮਾਤ ਤੱਕ ਕੋਈ ਸਕੂਲ ਨਹੀਂ ਸੀ। ਪਰ ਮੇਰੇ ਕੋਲ ਚੰਗੀ ਖ਼ਬਰ ਹੈ। ਅਸੀਂ 12ਵੀਂ ਜਮਾਤ ਤੱਕ ਦੇ ਸਕੂਲ ਲਈ ਜ਼ਮੀਨ ਪ੍ਰਾਪਤ ਕੀਤੀ ਹੈ ਤੇ ਬਹੁਤ ਜਲਦੀ ਸਕੂਲ ਦੀ ਉਸਾਰੀ ਸ਼ੁਰੂ ਹੋ ਜਾਵੇਗੀ।” ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਨਵੀਂ ਦਿੱਲੀ ਦੇ ਰਾਮਜਸ ਕਾਲਜ ਵਿੱਚ ਤੇਲਗੂ ਵਿਦਿਆਰਥੀ ਯੂਨੀਅਨ ਵੱਲੋਂ ਕਰਵਾਏ ਬਾਥੁਕੰਮਾ ਤਿਉਹਾਰ ਵਿੱਚ ਵੀ ਹਿੱਸਾ ਲਿਆ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਐਕਸ ’ਤੇ ਪੋਸਟ ਕਰ ਕੇ ਵੀ ਦੇਵੀ ਦੁਰਗਾ ਨੂੰ ਸ਼ਰਧਾਂਜਲੀ ਦਿੱਤੀ।