ਆਯੂਸ਼ਮਾਨ ਯੋਜਨਾ ਤਹਿਤ 88 ਹਸਪਤਾਲਾਂ ਨੂੰ ਹੁਕਮ ਜਾਰੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਅਪਰੈਲ
ਦਿੱਲੀ ਸਰਕਾਰ ਦੀ ਰਾਜ ਸਿਹਤ ਏਜੰਸੀ ਨੇ ਨਿੱਜੀ ਹਸਪਤਾਲਾਂ ਨੂੰ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਹਸਪਤਾਲਾਂ ਨੂੰ ਰਜਿਸਟਰ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਤਹਿਤ ਏਜੰਸੀ ਨੇ ਦਿੱਲੀ ਅਰੋਗਿਆ ਕੋਸ਼ ਨਾਲ ਪਹਿਲਾਂ ਤੋਂ ਰਜਿਸਟਰਡ ਸਾਰੇ 88 ਹਸਪਤਾਲਾਂ ਨੂੰ ਇਹ ਨਿਰਦੇਸ਼ ਜਾਰੀ ਕੀਤਾ ਹੈ ਅਤੇ ਉਨ੍ਹਾਂ ਹਸਪਤਾਲਾਂ ਦੇ ਪ੍ਰਬੰਧਨ ਨੂੰ ਇੱਕ ਈਮੇਲ ਭੇਜ ਕੇ ਏਜੰਸੀ ਨਾਲ ਸਮਝੌਤਾ ਕਰਨ ਲਈ ਕਿਹਾ ਹੈ। ਸਕੀਮ ਦੇ ਲਾਭਪਾਤਰੀ ਮਰੀਜ਼ ਸਿਰਫ਼ ਆਯੂਸ਼ਮਾਨ ਭਾਰਤ ਨਾਲ ਰਜਿਸਟਰਡ ਹਸਪਤਾਲਾਂ ਵਿੱਚ ਹੀ ਮੁਫ਼ਤ ਇਲਾਜ ਕਰਵਾ ਸਕਣਗੇ। ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚਾਲੇ ਇਸ ਸਬੰਧੀ ਗੱਲਬਾਤ ਕੀਤੀ ਜਾ ਰਹੀ ਹੈ। ਯੋਜਨਾ ਅਨੁਸਾਰ ਏਜੰਸੀ ਸਾਰੇ ਹਸਪਤਾਲਾਂ ਨਾਲ ਵੱਖਰੇ ਸਮਝੌਤੇ ਕਰੇਗੀ। ਏਜੰਸੀ ਨੇ ਦਿੱਲੀ ਅਰੋਗਿਆ ਕੋਸ਼ ਨਾਲ ਰਜਿਸਟਰਡ ਸਾਰੇ ਹਸਪਤਾਲਾਂ ਨਾਲ ਸਮਝੌਤਾ ਪੱਤਰ ਅਤੇ ਇਸ ਦੀਆਂ ਸ਼ਰਤਾਂ ਸਾਂਝੀਆਂ ਕੀਤੀਆਂ ਹਨ। ਸਮਝੌਤੇ ‘ਤੇ ਦਸਤਖਤ ਕਰਨ ਦੇ ਸੱਤ ਦਿਨਾਂ ਦੇ ਅੰਦਰ ਹਸਪਤਾਲਾਂ ਵਿੱਚ ਹੈਲਪ ਡੈਸਕ ਸਥਾਪਤ ਕਰਨੇ ਹੋਣਗੇ। ਹਸਪਤਾਲ ਵੱਲੋਂ ਉਸ ਹੈਲਪ ਡੈਸਕ ‘ਤੇ ਅਰੋਗਿਆ ਮਿੱਤਰ ਤਾਇਨਾਤ ਕੀਤੇ ਜਾਣਗੇ। ਹੈਲਪ ਡੈਸਕ ਕੰਪਿਊਟਰ ਅਤੇ ਇੰਟਰਨੈੱਟ ਸੁਵਿਧਾਵਾਂ ਨਾਲ ਲੈਸ ਹੋਵੇਗਾ। ਜਦੋਂ ਲਾਭਪਾਤਰੀ ਮਰੀਜ਼ ਇਸ ਡੈਸਕ ’ਤੇ ਪਹੁੰਚਦੇ ਹਨ ਤਾਂ ਅਰੋਗਿਆ ਮਿੱਤਰਾ ਮਰੀਜ਼ਾਂ ਦੀ ਤਸਦੀਕ ਕਰਨਗੇ ਅਤੇ ਉਨ੍ਹਾਂ ਦੇ ਇਲਾਜ ਵਿੱਚ ਮਦਦ ਕਰਨਗੇ। ਮਰੀਜ਼ ਹਸਪਤਾਲ ਤੋਂ ਛੁੱਟੀ ਮਿਲਣ ਦੇ 24 ਘੰਟਿਆਂ ਦੇ ਅੰਦਰ ਇਲਾਜ ਦੇ ਖਰਚੇ ਲਈ ਆਨਲਾਈਨ ਦਾਅਵਾ ਕਰਨ ਦੇ ਯੋਗ ਹੋਵੇਗਾ। ਏਜੰਸੀ ਨੂੰ 15 ਦਿਨਾਂ ਦੇ ਅੰਦਰ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਨੀ ਹੋਵੇਗੀ ਅਤੇ ਇਲਾਜ ਦਾ ਖਰਚਾ ਅਦਾ ਕਰਨਾ ਹੋਵੇਗਾ।