ਵਿਧਾਇਕ ਅਹਿਲਾਵਤ ਦਾ ਦਫ਼ਤਰ ਖਾਲੀ ਕਰਵਾਉਣ ਦਾ ਵਿਰੋਧ
‘ਆਪ’ ਦੇ ਵਰਕਰਾਂ ਨੇ ਬੁੱਧਵਾਰ ਨੂੰ ਸੁਲਤਾਨਪੁਰੀ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਮੁਕੇਸ਼ ਅਹਿਲਾਵਤ ਦੇ ਸਰਕਾਰੀ ਦਫ਼ਤਰ ਨੂੰ ਖਾਲੀ ਕਰਵਾਉਣ ’ਤੇ ਭਾਜਪਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ‘ਆਪ’ ਦੇ ਦਿੱਲੀ ਰਾਜ ਕਨਵੀਨਰ ਸੌਰਭ ਭਾਰਦਵਾਜ ਦੇ ਸੱਦੇ ਤੋਂ ਬਾਅਦ ਪਾਰਟੀ ਵਰਕਰ ਬੁੱਧਵਾਰ ਸਵੇਰੇ ਸੁਲਤਾਨਪੁਰੀ ਦੇ ਵਿਧਾਇਕ ਦਫ਼ਤਰ ਪਹੁੰਚੇ ਅਤੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕਰਦੇ ਹੋਏ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸੌਰਭ ਭਾਰਦਵਾਜ ਨੇ ਕਿਹਾ ਕਿ ਭਾਜਪਾ ਸਰਕਾਰ ‘ਆਪ’ ਵਿਧਾਇਕਾਂ ਨੂੰ ਜਨਤਾ ਲਈ ਕੰਮ ਕਰਨ ਤੋਂ ਰੋਕਣ ਲਈ ਰਾਜਨੀਤਕ ਸਾਜਿਸ਼ ਦੇ ਹਿੱਸੇ ਵਜੋਂ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਆਮ ਆਦਮੀ ਪਾਰਟੀ ਆਪਣੇ ਸਾਰੇ ਵਿਧਾਇਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਦਫ਼ਤਰ ਖਾਲੀ ਕਰਵਾਉਣ ਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮੁਕੇਸ਼ ਅਹਿਲਾਵਤ ਨੇ ਕਿਹਾ ਕਿ ਉਨ੍ਹਾਂ ਦਾ ਵਿਧਾਇਕ ਦਫ਼ਤਰ ਉਨ੍ਹਾਂ ਨੂੰ 25 ਜੂਨ 2025 ਨੂੰ ਨਿਯਮਤ ਤੌਰ ’ਤੇ ਅਲਾਟ ਕੀਤਾ ਗਿਆ ਸੀ। ਅਲਾਟਮੈਂਟ ਪੱਤਰ ਵਿੱਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਉਹ ਇਸ ਦਫ਼ਤਰ ਨੂੰ ਆਪਣੇ ਕਾਰਜਕਾਲ ਦੇ ਪੂਰੇ ਪੰਜ ਸਾਲਾਂ ਲਈ ਵਰਤ ਸਕਦੇ ਹਨ। ਇਸ ਦੇ ਬਾਵਜੂਦ ਭਾਜਪਾ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਰਹੀ ਹੈ ਅਤੇ ਖ਼ਾਸ ਤੌਰ ’ਤੇ ‘ਆਪ’ ਦੇ ਵਿਧਾਇਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਮੁਕੇਸ਼ ਅਹਿਲਾਵਤ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਨਵੇਂ ਚੁਣੇ ਗਏ ਅਤੇ ਸਾਬਕਾ ਵਿਧਾਇਕ ਦੋਵੇਂ ਹੀ ਆਪਣੇ ਸਰਕਾਰ ਦੁਆਰਾ ਨਿਰਧਾਰਤ ਦਫਤਰਾਂ ਵਿੱਚ ਰਹਿ ਸਕਦੇ ਹਨ, ਇਸ ਦੇ ਬਾਵਜੂਦ ਪਹਿਲਾਂ ਉਨ੍ਹਾਂ ਦਾ ਦਫ਼ਤਰ ਖਾਲੀ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ।
