Operation Sindhu ਇਰਾਨ ’ਚੋਂ 292 ਹੋਰ ਭਾਰਤੀਆਂ ਨੂੰ ਸੁਰੱਖਿਅਤ ਕੱਢਿਆ
ਮਸ਼ਹਦ ਤੋਂ 292 ਭਾਰਤੀ ਨਾਗਰਿਕਾਂ ਵਾਲਾ ਵਿਸ਼ੇਸ਼ ਜਹਾਜ਼ ਮੰਗਲਵਾਰ ਤੜਕੇ 3:30 ਵਜੇ ਨਵੀਂ ਦਿੱਲੀ ਪੁੱਜਾ
ਨਵੀਂ ਦਿੱਲੀ, 24 ਜੂਨ
ਮੱਧ ਪੂਰਬ ਵਿਚ ਜਾਰੀ ਤਣਾਅ ਦਰਮਿਆਨ ਭਾਰਤ ਵੱਲੋਂ ਇਰਾਨ ’ਚੋਂ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦਾ ਸਿਲਸਿਲਾ ਬੇਰੋਕ ਜਾਰੀ ਹੈ। ਹੁਣ ਤੱਕ 2200 ਤੋਂ ਵੱਧ ਭਾਰਤੀਆਂ ਨੂੰ ਇਰਾਨ ਤੋਂ ਵਾਪਸ ਲਿਆਂਦਾ ਜਾ ਚੁੱਕਾ ਹੈ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਦੱਸਿਆ ਕਿ ਮੰਗਲਵਾਰ ਤੜਕੇ 3:30 ਵਜੇ ਦੇ ਕਰੀਬ ਮਸ਼ਹਦ ਤੋਂ ਨਵੀਂ ਦਿੱਲੀ ਪੁੱਜੇ ਵਿਸ਼ੇਸ਼ ਜਹਾਜ਼ ਰਾਹੀਂ 292 ਭਾਰਤੀ ਨਾਗਰਿਕਾਂ ਨੂੰ ਇਰਾਨ ’ਚੋਂ ਕੱਢ ਕੇ ਲਿਆਂਦਾ ਗਿਆ ਹੈ।
ਇਰਾਨ ਤੇ ਇਜ਼ਰਾਈਲ ਵਿਚਾਲੇ ਜਾਰੀ ਜੰਗ ਦਰਮਿਆਨ ਭਾਰਤੀ ਨਾਗਰਿਕਾਂ ਨੂੰ ਤਹਿਰਾਨ ’ਚੋਂ ਕੱਢਣ ਲਈ ਵਿੱਢੇ ‘Operation Sindhu’ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਜੈਸਵਾਲ ਨੇ ਕਿਹਾ, ‘‘2,295 ਭਾਰਤੀ ਨਾਗਰਿਕਾਂ ਨੂੰ ਹੁਣ ਤੱਕ ਇਰਾਨ ਤੋਂ ਵਾਪਸ ਲਿਆਂਦਾ ਗਿਆ ਹੈ।’’ ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੇ ਸੀ-17 ਮਾਲਵਾਹਕ ਜਹਾਜ਼ ਨੇ ਇਜ਼ਰਾਈਲ ਵਿਚ ਰਹਿ ਰਹੇ 165 ਭਾਰਤੀਆਂ ਨੂੰ ਉਥੋਂ ਕੱਢਿਆ।
ਕੇਂਦਰੀ ਮੰਤਰੀ ਐੱਲ.ਮੁਰੂਗਨ ਨੇ ਹਵਾਈ ਅੱਡੇ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਜਹਾਜ਼ ਇਸ ਮਗਰੋਂ ਅੰਮਾਨ ਤੋਂ ਭਾਰਤੀਆਂ ਨੂੰ ਵਾਪਸ ਲੈ ਕੇ ਆਇਆ। -ਪੀਟੀਆਈ