ਹੁਣ ਹਰ ਨਵੇਂ ਮੋਬਾਈਲ ’ਚ ਮਿਲੇਗਾ ‘ਸੰਚਾਰ ਸਾਥੀ’ ਐਪ
ਐਪ ਜ਼ਰੀਏ ਲੱਖਾਂ ਗੁੰਮ ਹੋਏ ਫੋਨ ਮਿਲ ਚੁੱਕੇ ਹਨ; ਸਰਕਾਰ ਵੱਲੋਂ ਕੰਪਨੀਆਂ ਨੂੰ 90 ਦਿਨਾਂ ਦੀ ਡੈਡਲਾੲੀਨ
ਹੁਣ ਹਰ ਨਵੇਂ ਸਮਾਰਟਫੋਨ ਵਿਚ ਸਾਈਬਰ ਸਕਿਉਰਿਟੀ ਐਪ ‘ਸੰਚਾਰ ਸਾਥੀ’ ਪਹਿਲਾਂ ਤੋਂ ਹੀ ਡਾਊਨਲੋਡ ਕੀਤਾ ਮਿਲੇਗਾ। ਕੇਂਦਰ ਸਰਕਾਰ ਨੇ ਸਮਾਰਟਫੋਨ ਕੰਪਨੀਆਂ ਨੂੰ ਹਦਾਇਤ ਦਿਤੀ ਹੈ ਕਿ ਉਹ ਸਮਾਰਟਫੋਨ ਵਿਚ ਸਾਈਬਰ ਸੇਫਟੀ ਐਪ ਇੰਸਟਾਲ ਕਰ ਕੇ ਵੇਚਣ। ਦੂਰਸੰਚਾਰ ਵਿਭਾਗ ਨੇ ਮੋਬਾਈਲ ਕੰਪਨੀਆਂ ਨੂੰ ਨਵੇਂ ਫੋਨਾਂ ਵਿੱਚ ‘ਸੰਚਾਰ ਸਾਥੀ’ ਐਪ ਪਹਿਲਾਂ ਤੋਂ ਹੀ ਇੰਸਟਾਲ ਕਰਨ ਦੇ ਹੁਕਮ ਦਿੱਤੇ ਹਨ। ਭਾਰਤ ਵਿੱਚ ਬਣਨ ਵਾਲੇ ਜਾਂ ਬਾਹਰੋਂ ਮੰਗਵਾਏ ਜਾਣ ਵਾਲੇ ਸਾਰੇ ਮੋਬਾਈਲਾਂ ਵਿੱਚ ਅਗਲੇ 90 ਦਿਨਾਂ ਦੇ ਅੰਦਰ ਇਹ ਐਪ ਹੋਣੀ ਲਾਜ਼ਮੀ ਹੈ, ਜਿਹੜੇ ਫੋਨ ਪਹਿਲਾਂ ਹੀ ਬਣ ਚੁੱਕੇ ਹਨ ਜਾਂ ਬਾਜ਼ਾਰ ਵਿੱਚ ਵਿਕਰੀ ਲਈ ਉਪਲਬਧ ਹਨ, ਉਨ੍ਹਾਂ ਲਈ ਕੰਪਨੀਆਂ ਨੂੰ ਸਾਫਟਵੇਅਰ ਅਪਡੇਟ ਰਾਹੀਂ ਇਹ ਸਹੂਲਤ ਦੇਣੀ ਪਵੇਗੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸੰਚਾਰ ਸਾਥੀ ਨਾਲ ਹੁਣ ਤਕ ਲੱਖਾਂ ਗੁਆਚੇ ਹੋਏ ਫੋਨ ਮਿਲ ਚੁੱਕੇ ਹਨ ਜਿਸ ਦੀ ਸਫਲਤਾ ਤੋਂ ਬਾਅਦ ਹੀ ਸਰਕਾਰ ਨੇ ਇਸ ਨੂੰ ਵੱਡੇ ਪੱਧਰ ’ਤੇ ਲਾਗੂ ਕਰਨ ਦੀ ਯੋਜਨਾ ਬਣਾਈ ਹੈ।
ਸਰਕਾਰ ਨੇ ਐਪਲ, ਸੈਮਸੰਗ, ਵੀਵੋ ਅਤੇ ਓਪੋ ਵਰਗੀਆਂ ਸਾਰੀਆਂ ਕੰਪਨੀਆਂ ਨੂੰ ਚਾਰ ਮਹੀਨਿਆਂ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ। ਇਸ ਤੋਂ ਇਲਾਵਾ ਸਰਕਾਰ ਨੇ ਪਿਛਲੇ ਹਫ਼ਤੇ ਵੱਟਸਐਪ, ਸਿਗਨਲ ਅਤੇ ਟੈਲੀਗ੍ਰਾਮ ਵਰਗੀਆਂ ਐਪਾਂ ਲਈ ਵੀ ਨਵੇਂ ਨਿਯਮ ਜਾਰੀ ਕੀਤੇ ਹਨ। ਇਨ੍ਹਾਂ ਤਹਿਤ ਵੈੱਬ ਵਰਜ਼ਨ ’ਤੇ ਵਰਤੋਂਕਾਰ ਹਰ ਛੇ ਘੰਟੇ ਬਾਅਦ ਆਪਣੇ ਆਪ ਲੌਗ-ਆਊਟ ਹੋ ਜਾਵੇਗਾ ਅਤੇ ਦੁਬਾਰਾ ਕੰਮ ਕਰਨ ਲਈ ਕਿਊ ਆਰ ਕੋਡ ਰਾਹੀਂ ਲਿੰਕ ਕਰਨਾ ਪਵੇਗਾ। -ਪੀਟੀਆਈ

