ਲਾਲ ਬਾਗ ਝੁੱਗੀ ਵਾਸੀਆਂ ਨੂੰ ਥਾਂ ਖਾਲੀ ਕਰਨ ਲਈ ਨੋਟਿਸ
ਏਆਈਸੀਸੀਟੀਯੂ ਵੱਲੋਂ ਦੋਸ਼ ਲਾਇਆ ਗਿਆ ਕਿ ਦਿੱਲੀ ਵਿੱਚ ਟ੍ਰਿਪਲ-ਇੰਜਣ ਭਾਜਪਾ ਸਰਕਾਰ ਵੱਲੋਂ ਕੀਤੀ ਗਈ ਵਿਨਾਸ਼ਕਾਰੀ ਗਰੀਬ ਵਿਰੋਧੀ ਬੁਲਡੋਜ਼ਰ ਦੀ ਹਿੰਸਾ ਨੂੰ ਜਾਰੀ ਰੱਖਦੇ ਹੋਏ, ਲਾਲ ਬਾਗ਼ ਝੁੱਗੀ ਦੇ ਵਾਸੀਆਂ ਨੂੰ ਰੇਲਵੇ ਵੱਲੋਂ 31 ਜੁਲਾਈ ਤੱਕ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਹੈ। ਏਆਈਸੀਸੀਟੀਯੂ ਦੇ ਸਕੱਤਰ ਅਭਿਸ਼ੇਕ ਨੇ ਕਿਹਾ ਕਿ ਝੁੱਗੀ ਬਸਤੀ ਵਿੱਚ ਹਜ਼ਾਰਾਂ ਲੋਕ 1990 ਤੋਂ ਇਸ ਖੇਤਰ ਵਿੱਚ ਰਹਿ ਰਹੇ ਹਨ। ਮਜ਼ਦੂਰ ਵਰਗ ਦੀਆਂ ਘੱਟੋ-ਘੱਟ ਤਿੰਨ ਪੀੜ੍ਹੀਆਂ ਲਾਲ ਬਾਗ਼ ਵਿੱਚ ਰਹਿ ਰਹੀਆਂ ਹਨ ਪਰ ਹੁਣ ਉਨ੍ਹਾਂ ਨੂੰ ਅਚਾਨਕ ਰੇਲਵੇ ਵੱਲੋਂ ਇੱਕ ਨੋਟਿਸ ਮਿਲਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ। ਰੇਲਵੇ ਵੱਲੋਂ ਜ਼ਬਰਦਸਤੀ ਕਾਰਵਾਈ ਦੀ ਧਮਕੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਦਿੱਲੀ ਵਿੱਚ ਝੁੱਗੀਆਂ-ਝੌਂਪੜੀਆਂ ਦੇ ਪੁਨਰਵਾਸ ਲਈ ਮੌਜੂਦਾ ਨਿਯਮਾਂ ਅਨੁਸਾਰ ਨਿਰਧਾਰਤ ਝੁੱਗੀਆਂ-ਝੌਂਪੜੀਆਂ ਅਤੇ ਝੁੱਗੀ-ਝੋਪੜੀ ਗਰੁੱਪਾਂ ਵਿੱਚ ਇਮਾਰਤਾਂ ਨੂੰ ਢਾਹੁਣ ਤੋਂ ਪਹਿਲਾਂ ਪੁਨਰਵਾਸ ਕਰਨਾ ਲਾਜ਼ਮੀ ਹੈ।ਵਜ਼ੀਰਪੁਰ, ਮਦਰਾਸ ਕੈਂਪ, ਭੂਮੀਹੀਣ ਕੈਂਪ ਅਤੇ ਇੰਦਰਾ ਕੈਂਪ ਤੋਂ ਲੈ ਕੇ ਓਖਲਾ ਵਿਹਾਰ, ਜੈ ਹਿੰਦ ਕੈਂਪ ਅਤੇ ਹੁਣ ਲਾਲ ਬਾਗ਼ ਤੱਕ ਨਫ਼ਰਤ ਭਰਿਆ ਬੁਲਡੋਜ਼ਰ ਦਿੱਲੀ ਦੇ ਗਰੀਬ ਅਤੇ ਮਜ਼ਦੂਰ ਵਰਗ ਨੂੰ ਬੇਘਰ ਕਰਨ ਲਈ ਵਰਤੋਂ ਕੀਤਾ ਜਾ ਰਿਹਾ ਹੈ। ਏਆਈਸੀਸੀਟੀਯੂ ਦੇ ਸਕੱਤਰ ਅਭਿਸ਼ੇਕ ਨੇ ਕਿਹਾ ਕਿ ਲਾਲ ਬਾਗ਼ ਕੈਂਪ ਦੇ ਵਾਸੀਆਂ ਦੀ ਹਰ ਤਰ੍ਹਾਂ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਨਾਲ ਸਾਡਾ ਸੰਗਠਨ ਮੋਡੇ ਨਾਲ ਮੋਡਾ ਲਾ ਕੇ ਖੜ੍ਹਾ ਹੈ।