ਗੁਰਦੁਆਰਾ ਦਮਦਮਾ ਸਾਹਿਬ ਨੂੰ ਜਾਰੀ ਨੋਟਿਸ ਵਾਪਸ ਲਿਆ
ਕਮਰੇ ਦੀ ਨਾਜਾਇਜ਼ ਉਸਾਰੀ ਸਬੰਧੀ ਪੁਰਾਤੱਤਵ ਵਿਭਾਗ ਨੇ ਭੇਜਿਆ ਸੀ ਨੋਟਿਸਪੱਤਰ ਪ੍ਰੇਰਕਦਿੱਲੀ ਵਿੱਚ ਭਾਰਤੀ ਪੁਰਾਲੇਖ ਵਿਭਾਗ ਭਾਵ ਆਰਕਾਇਲੋਜੀਕਲ ਸਰਵੇ ਆਫ ਇੰਡੀਆ (ਏ ਐਸ ਆਈ) ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਵਿੱਚ ਕਮਰੇ ਦੀ ਛੱਤ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਮਗਰੋਂ ਹੁਣ ਇਹ ਵਾਪਸ ਲੈ ਲਿਆ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦਿੱਤੀ।ਸ੍ਰੀ ਕਾਹਲੋਂ ਨੇ ਦੱਸਿਆ ਕਿ ਇਹ ਨੋਟਿਸ ਪਹਿਲੀ ਵਾਰ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਕਾਰਜਕਾਲ ਵੇਲੇ 2015 ਵਿਚ ਜਾਰੀ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਨੋਟਿਸ ਦਾ ਜਵਾਬ ਨਹੀਂ ਦਿੱਤਾ। ਇਸ ਕਾਰਨ ਦੁਬਾਰਾ ਨੋਟਿਸ ਆਇਆ। ਉਨ੍ਹਾਂ ਦੱਸਿਆ ਕਿ ਹੁਣ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤੀ ਪੈਰਵੀ ਤੋਂ ਬਾਅਦ ਵਿਭਾਗ ਨੇ ਕਮੇਟੀ ਨੂੰ ਪੱਤਰ ਲਿਖ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਤੋਂ ਭੁਲੇਖੇ ਨਾਲ ਇਹ ਨੋਟਿਸ ਜਾਰੀ ਹੋਇਆ ਸੀ। ਇਸ ਸਬੰਧੀ ਹੁਣ ਕਮੇਟੀ ਨੇ ਜਵਾਬ ਦਿੱਤਾ, ਉਸ ਤੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ ਤੇ ਇਹ ਨੋਟਿਸ ਵਾਪਸ ਲਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਇਹ ਕਮਰਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਅਧੀਨ ਹੈ ਤੇ ਇਸ ’ਤੇ ਕਿਸੇ ਵੀ ਤਰੀਕੇ ਨਾਜਾਇਜ਼ ਕਬਜ਼ਾ ਨਹੀਂ ਹੈ। ਇਸ ਲਈ ਜਾਰੀ ਕੀਤਾ ਗਿਆ ਨੋਟਿਸ ਗਲਤ ਹੈ, ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਆਪਣੀ ਗਲਤੀ ਮੰਨਦੇ ਹੋਏ ਨੋਟਿਸ ਵਾਪਸ ਲੈ ਲਿਆ ਹੈ। ਸ੍ਰੀ ਕਾਹਲੋਂ ਨੇ ਮਨਜੀਤ ਸਿੰਘ ਜੀ.ਕੇ. ਦੀ ਇਸ ਸਬੰਧੀ ਆਲੋਚਨਾ ਕੀਤੀ।