ਜਾਤੀ ਜਨਗਣਨਾ ਨਾ ਕਰਵਾ ਸਕਣਾ ਮੇਰੀ ਗਲਤੀ, ਜਿਸ ਨੁੂੰ ਦਰੁਸਤ ਕਰ ਰਹੇ ਹਾਂ; ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਮੰਨਿਆ ਕਿ ਪਹਿਲਾਂ ਜਾਤੀ ਜਨਗਣਨਾ ਨਾ ਕਰਵਾ ਸਕਣਾ ਪਾਰਟੀ ਦੀ ਨਹੀਂ ਬਲਕਿ ਉਨ੍ਹਾਂ ਦੀ ਗਲਤੀ ਸੀ, ਜਿਸ ਨੂੰ ਹੁਣ ਉਹ ਦਰੁਸਤ ਕਰ ਰਹੇ ਹਨ। ਉਨ੍ਹਾਂ ਕਿਹਾ , ‘‘ਮੈਂ ਆਪਣੇ 21 ਸਾਲਾਂ ਦੇ ਰਾਜਨੀਤਿਕ ਕਰੀਅਰ ਵਿੱਚ ਗਲਤੀ ਕੀਤੀ ਹੈ ਕਿ ਅਸੀਂ ਹੋਰਨਾਂ ਪੱਛੜੇ ਵਰਗਾਂ (ਓਬੀਸੀ) ਦੇ ਹਿੱਤਾਂ ਦੀ ਓਨੀ ਰਾਖੀ ਨਹੀਂ ਕਰ ਸਕੇ ਜਿੰਨੀ ਸਾਨੁੂੰ ਕਰਨੀ ਚਾਹੀਦੀ ਸੀ।’’ ਗਾਂਧੀ ਇਥੇ ਤਾਲਕਟੋਰਾ ਸਟੇਡੀਅਮ ’ਚ ਓਬੀਸੀ ਦੇ ‘ਭਾਗੀਦਾਰੀ ਨਿਆਂਏ ਸੰਮੇਲਨ’ ਨੂੰ ਸੰਬੋਧਨ ਕਰ ਰਹੇ ਸਨ।
ਗਾਂਧੀ ਨੇ ਕਿਹਾ, ‘‘ਤਿਲੰਗਾਨਾ ਵਿੱਚ ਜਾਤੀ ਜਨਗਣਨਾ ਇੱਕ ‘ਸਿਆਸੀ ਭੂਚਾਲ’ ਹੈ ਜੋ ਦੇਸ਼ ਵਿੱਚ ਵੱਡਾ 'ਬਦਲਾਅ' ਲਿਆਏਗਾ। ਮੈਂ 2004 ਤੋਂ ਰਾਜਨੀਤੀ ਕਰ ਰਿਹਾ ਹਾਂ, 21 ਸਾਲ ਹੋ ਗਏ ਹਨ, ਅਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਹਾਂ ਤੇ ਇਹ ਜਾਣਨ ਦੀ ਕੋਸ਼ਿਸ਼ ਕਰਦਾਂ ਹਾਂ ਕਿ ਮੈਂ ਕਿੱਥੇ ਸਹੀ ਕੰਮ ਕੀਤਾ ਤੇ ਕਿੱਥੇ ਨਹੀਂਂ... ਤਾਂ ਮੈਨੂੰ ਦੋ-ਤਿੰਨ ਵੱਡੇ ਮੁੱਦੇ ਦਿਖਾਈ ਦਿੰਦੇ ਹਨ- ਜ਼ਮੀਨ ਅਧੀਗ੍ਰਹਿਣ ਬਿੱਲ, ਮਨਰੇਗਾ, ਖੁਰਾਕ ਬਿਲ, ਆਦਿਵਾਸੀਆਂ ਦੇ ਹੱਕ ਲਈ ਲੜਾਈ।’’
ਗਾਂਧੀ ਨੇ ਕਿਹਾ ਕਿ ਜਦੋਂ ਦਲਿਤਾਂ, ਆਦਿਵਾਸੀਆਂ ਤੇ ਔਰਤਾਂ ਦੇ ਮੁੱਦਿਆਂ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਚੰਗੇ ਕੰਮ ਕੀਤੇ ਪਰ ਜਦੋਂ ਗੱਲ ਆਉਂਦੀ ਹੈ ਓਬੀਸੀ ਵਰਗ ਦੀ ਤਾਂ ਉਨ੍ਹਾਂ ਲਈ ਉਸ ਢੰਗ ਨਾਲ ਕੰਮ ਨਹੀਂ ਕੀਤਾ ਗਿਆ, ਜਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਸੀ।
ਗਾਂਧੀ ਨੇ ਕਿਹਾ ਕਿ ਤਿਲੰਗਾਨਾ ਵਿੱਚ ਜਾਤੀ ਜਨਗਣਨਾ ਸਿਆਸੀ ਭੂਚਾਲ ਹੈ, ਜਿਸ ਨੇ ਦੇਸ਼ ਦੇ ਸਿਆਸੀ ਆਧਾਰ ਨੂੰ ਹਿਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ
ਕਾਂਗਰਸ ਸ਼ਾਸਿਤ ਸੂਬਿਆਂ ਵਿੱਚ ਜਾਤੀ ਜਨਗਣਨਾ ਤੇ ਆਬਾਦੀ ਦਾ ਐਕਸ-ਰੇ ਕਰਨਗੇ।
ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲਾ ਬੋਲਦੇ ਹੋਏ ਕਿਹਾ, "ਨਰਿੰਦਰ ਮੋਦੀ ਕੋਈ ਵੱਡੀ ਸਮੱਸਿਆ ਨਹੀਂ ਹੈ। ਇਹ ਮੀਡੀਆ ਹੀ ਸੀ ਜਿਸ ਨੇ ਪ੍ਰਧਾਨ ਮੰਤਰੀ ਦੇ "ਗੁਬਾਰੇ" ਨੂੰ "ਫੁਲਾਇਆ" ਸੀ। ਤੁਸੀਂ ਜਾਣਦੇ ਹੋ ਕਿ ਰਾਜਨੀਤੀ ਵਿੱਚ ਸਭ ਤੋਂ ਵੱਡੀ ਸਮੱਸਿਆ ਕੀ ਹੈ...ਨਹੀਂ, ਨਰਿੰਦਰ ਮੋਦੀ ਕੋਈ ਵੱਡੀ ਸਮੱਸਿਆ ਨਹੀਂ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਿਸ ਪਲ ਓਬੀਸੀ ਆਪਣੇ ਇਤਿਹਾਸ ਬਾਰੇ ਜਾਣ ਲੈਣਗੇ, ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਆਰਐਸਐਸ ਉਨ੍ਹਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ।
ਦੱਸ ਦਈਏ ਕਿ ਇਸ ਸੰਮੇਲਨ ਵਿੱਚ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਸਚਿਨ ਪਾਇਲਟ, ਅਨਿਲ ਜੈ ਹਿੰਦ ਵੱਲੋਂ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ।