ਨੋਇਡਾ: ਅਮਰੀਕੀ ਨਾਗਰਿਕਾਂ ਨੂੰ ਠੱਗਣ ਵਾਲੇ ਕਾਲ ਸੈਂਟਰ ਦਾ ਪਰਦਾਫਾਸ਼, 12 ਗ੍ਰਿਫਤਾਰ
ਨੋਇਡਾ ਪੁਲੀਸ ਨੇ ਅਮਰੀਕਾ ਦੇ ਨਾਗਰਿਕਾਂ ਤੋਂ ਠੱਗੀ ਕਰਨ ਲਈ ਚਲਾਏ ਜਾ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕਰਕੇ ਗਿਰੋਹ ਦੇ ਮੁਖੀ ਸਮੇਤ 12 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮਾਂ ਕੋਲੋਂ 10 ਲੈਪਟਾਪ, 16 ਮੋਬਾਈਲ ਫੋਨ, ਨੌ ਲੈਪਟਾਪ ਚਾਰਜਰ, ਨੌ ਹੈੱਡਫੋਨ, ਇੱਕ ਇੰਟਰਨੈੱਟ ਰਾਊਟਰ ਅਤੇ ਹੋਰ ਸਮੱਗਰੀਆਂ ਬਰਾਮਦ ਕੀਤੀਆਂ ਗਈਆਂ ਹਨ।
ਪੁਲੀਸ ਡਿਪਟੀ ਕਮਿਸ਼ਨਰ (ਨੋਇਡਾ ਜ਼ੋਨ) ਯਮੁਨਾ ਪ੍ਰਸਾਦ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ’ਤੇ ਐਕਸਪ੍ਰੈਸਵੇਅ ਥਾਣਾ ਪੁਲੀਸ ਦੀ ਟੀਮ ਨੇ ਮੰਗਲਵਾਰ ਰਾਤ 'ਜੇਪੀ ਕਾਸਮੋਸ ਬਿਲਡਿੰਗ' ਦੀ 17ਵੀਂ ਮੰਜ਼ਿਲ ’ਤੇ ਛਾਪੇਮਾਰੀ ਕਰਦਿਆਂ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ।
ਉਨ੍ਹਾਂ ਦੱਸਿਆ ਕਿ ਗਿਰੋਹ ਦੇ ਸਰਗਣਾ ਦੀ ਪਛਾਣ ਮੁੰਬਈ ਨਿਵਾਸੀ ਮੁਸਤਫਾ ਸ਼ੇਖ ਵਜੋਂ ਹੋਈ ਹੈ, ਜੋ ਸਿਰਫ 10ਵੀਂ ਪਾਸ ਹੈ। ਉਨ੍ਹਾਂ ਦੱਸਿਆ ਕਿ ਮੁਸਤਫਾ ਤੋਂ ਇਲਾਵਾ ਚਿਨੇਵੇ, ਦਿਨੇਸ਼ ਪਾਂਡੇ, ਸੋਹਿਲ ਅਜਮਿਲ, ਉਮਰ ਸਮਸੀ, ਕਲਪੇਸ਼ ਸ਼ਰਮਾ, ਆਫਤਾਬ ਕੁਰੈਸ਼ੀ, ਵਿਡੋਵ, ਰਾਮ ਸੇਵਕ, ਸਤਿਆਨਰਾਇਣ ਮੰਡਲ, ਥਿਜਨੋ ਲੂਟੋ, ਨਿਬੂਲੇ ਅਕਾਮੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਡਿਪਟੀ ਕਮਿਸ਼ਨਰ ਨੇ ਠੱਗੀ ਦੇ ਤਰੀਕਿਆਂ ਬਾਰੇ ਦੱਸਦਿਆਂ ਕਿਹਾ, ‘‘ਇਹ ਗਿਰੋਹ ਗੂਗਲ ਐਪ ਤੋਂ ਅਮਰੀਕੀ ਨਾਗਰਿਕਾਂ ਦਾ ਡਾਟਾ ਖਰੀਦਦਾ ਸੀ। ਇਸ ਦੇ ਆਧਾਰ ’ਤੇ ਉੱਥੋਂ ਦੇ ਨਾਗਰਿਕਾਂ ਨੂੰ ਕਰਜ਼ੇ ਦੇ ਬਦਲੇ ‘ਗਿਫਟ ਵਾਊਚਰ’ ਦੇ ਲਾਲਚ ਵਾਲੇ ਈਮੇਲ ਭੇਜੇ ਜਾਂਦੇ ਸਨ।’’ ਉਨ੍ਹਾਂ ਕਿਹਾ, "ਜਦੋਂ ਕੋਈ ਕਰਜ਼ੇ ਲਈ ਉਨ੍ਹਾਂ ਨੂੰ ਵਾਪਸ ਈਮੇਲ ਭੇਜਦਾ ਤਾਂ ਪ੍ਰਕਿਰਿਆ ਫੀਸ ਦੇ ਨਾਮ ’ਤੇ ਉਨ੍ਹਾਂ ਤੋਂ 300 ਡਾਲਰ ਲਏ ਜਾਂਦੇ ਅਤੇ ਜਦੋਂ ਤੱਕ ਠੱਗੀ ਦੀ ਰਕਮ ਭਾਰਤੀ ਮੁਦਰਾ ਵਿੱਚ ਨਹੀਂ ਬਦਲ ਜਾਂਦੀ ਸੀ, ਉਦੋਂ ਤੱਕ ਮੁਲਜ਼ਮ ਅਮਰੀਕੀ ਨਾਗਰਿਕਾਂ ਦੇ ਸੰਪਰਕ ਵਿੱਚ ਰਹਿੰਦੇ।’’
ਪ੍ਰਸਾਦ ਨੇ ਦਾਅਵਾ ਕੀਤਾ ਕਿ ਗਿਰੋਹ ਹੁਣ ਤੱਕ ਕਰੀਬ 150 ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।