ਨਿਤੀਸ਼ ਕਟਾਰਾ ਕਤਲ ਕੇਸ; SC ਨੇ ਦੋਸ਼ੀ ਵਿਕਾਸ ਯਾਦਵ ਦੀ ਅੰਤਰਿਮ ਜ਼ਮਾਨਤ ਵਧਾਉਣ ਤੋਂ ਕੀਤਾ ਇਨਕਾਰ
ਸੁਪਰੀਮ ਕੋਰਟ ਨੇ ਦੋਸ਼ੀ ਵਿਕਾਸ ਯਾਦਵ ਦੀ ਅੰਤਰਿਮ ਜ਼ਮਾਨਤ ਵਧਾਉਣ ਤੋਂ ਕੀਤਾ ਇਨਕਾਰ ਕਰ ਦਿਤਾ ਹੈ, ਜੋ ਸਾਲ 2002 ਦੇ ਨਿਤੀਸ਼ ਕਟਾਰਾ ਕਤਲ ਕੇਸ ਵਿੱਚ ਪਿਛਲੇ 25 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ।
ਜਸਟਿਸ ਐਮ.ਐਮ ਸੁੰਦਰੇਸ਼ ਅਤੇ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਨੇ ਯਾਦਵ ਦੇ ਵਕੀਲ ਨੂੰ ਕਿਹਾ ਕਿ ਉਹ ਮਾਮਲੇ ਵਿੱਚ ਅੰਤਰਿਮ ਜ਼ਮਾਨਤ ਵਧਾਉਣ ਜਾਂ ਨਵੀਂ ਅੰਤਰਿਮ ਜ਼ਮਾਨਤ ਦੇਣ ਲਈ ਦਿੱਲੀ ਹਾਈ ਕੋਰਟ ਜਾਣ।
ਸੁਣਵਾਈ ਦੌਰਾਨ ਵਕੀਲ ਨੇ ਕਿਹਾ ਕਿ ਉਸਨੂੰ ਹਾਈ ਕੋਰਟ ਭੇਜਣ ਦੀ ਬਜਾਏ ਸੁਪਰੀਮ ਕੋਰਟ ਖੁਦ ਜ਼ਮਾਨਤ ਵਧਾਉਣ ਦੀ ਉਸਦੀ ਪਟੀਸ਼ਨ ’ਤੇ ਸੁਣਵਾਈ ਕਰੇ।
ਜਦੋਂ ਬੈਂਚ ਨੇ ਇਸ਼ਾਰਾ ਕੀਤਾ ਕਿ ਉਹ ਪਟੀਸ਼ਨ ਨੂੰ ਰੱਦ ਕਰ ਦੇਣਗੇ ਤਾਂ ਯਾਦਵ ਦੇ ਵਕੀਲ ਨੇ ਕਿਹਾ ਕਿ ਉਹ ਹਾਈ ਕੋਰਟ ਜਾਣਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੈਂਚ ਨੇ ਯਾਦਵ ਦੀ ਅੰਤਰਿਮ ਜ਼ਮਾਨਤ ਇੱਕ ਹਫ਼ਤੇ ਲਈ ਵਧਾ ਦਿੱਤੀ ਸੀ।
ਸੁਪਰੀਮ ਕੋਰਟ ਯਾਦਵ ਵੱਲੋਂ 22 ਅਗਸਤ ਨੂੰ ਦਿੱਲੀ ਹਾਈ ਕੋਰਟ ਦੇ ਉਸ ਹੁਕਮ ਵਿਰੁੱਧ ਦਾਇਰ ਪਟੀਸ਼ਨ ’ਤੇ ਸੁਣਵਾਈ ਕਰ ਰਹੀ ਸੀ ਜਿਸ ਵਿੱਚ 29 ਜੁਲਾਈ ਨੂੰ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਨੂੰ ਵਧਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
54 ਸਾਲਾ ਯਾਦਵ ਜਿਸਨੇ 23 ਸਾਲਾਂ ਤੋਂ ਵੱਧ ਸਮਾਂ ਜੇਲ੍ਹ ਵਿੱਚ ਬਿਤਾਇਆ ਹੈ ਉਸ ਵੱਲੋਂ ਇਸ ਆਧਾਰ ’ਤੇ ਅੰਤਰਿਮ ਜ਼ਮਾਨਤ ਦੀ ਮੰਗ ਵੀ ਕੀਤੀ ਕਿ ਉਸਦਾ ਵਿਆਹ 5 ਸਤੰਬਰ ਨੂੰ ਤੈਅ ਹੋਇਆ ਸੀ।
ਯਾਦਵ ਉੱਤਰ ਪ੍ਰਦੇਸ਼ ਦੇ ਸਿਆਸਤਦਾਨ ਡੀ.ਪੀ ਯਾਦਵ ਦਾ ਪੁੱਤਰ ਹੈ। ਉਸਦੇ ਚਚੇਰੇ ਭਰਾ ਵਿਸ਼ਾਲ ਯਾਦਵ ਨੂੰ ਵੀ ਕਾਰੋਬਾਰੀ ਕਾਰਜਕਾਰੀ ਕਟਾਰਾ ਦੇ ਅਗਵਾ ਅਤੇ ਕਤਲ ਲਈ ਸਜ਼ਾ ਸੁਣਾਈ ਗਈ ਸੀ।
ਇਹ ਦੋਵੇਂ ਭਰਾ ਵਿਕਾਸ ਦੀ ਭੈਣ ਭਾਰਤੀ ਯਾਦਵ ਨਾਲ ਨਿਤੀਸ਼ ਕਟਾਰਾ ਦੇ ਕਥਿਤ ਸਬੰਧਾਂ ਦੇ ਖਿਲਾਫ਼ ਸਨ ਕਿਉਂਕਿ ਉਹ ਵੱਖ-ਵੱਖ ਜਾਤਾਂ ਨਾਲ ਸਬੰਧਤ ਸਨ।
ਇੱਕ ਹੋਰ ਸਹਿ-ਦੋਸ਼ੀ ਸੁਖਦੇਵ ਪਹਿਲਵਾਨ ਨੂੰ ਬਿਨਾਂ ਕਿਸੇ ਛੋਟ ਦੇ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
29 ਜੁਲਾਈ ਨੂੰ ਸੁਪਰੀਮ ਕੋਰਟ ਨੇ ਉਸਦੀ ਜੇਲ੍ਹ ਤੋਂ ਰਿਹਾਈ ਦਾ ਹੁਕਮ ਦਿੱਤਾ, ਇਹ ਨੋਟ ਕਰਦੇ ਹੋਏ ਕਿ ਉਸਨੇ ਇਸ ਸਾਲ ਮਾਰਚ ਵਿੱਚ ਆਪਣੀ 20 ਸਾਲ ਦੀ ਸਜ਼ਾ ਪੂਰੀ ਕੀਤੀ ਸੀ।