Nithari killings case: SC acquits Surendra Koli, orders his release ਸੁਪਰੀਮ ਕੋਰਟ ਨੇ ਅੱਜ 2006 ਦੇ ਸਨਸਨੀਖੇਜ਼ ਨਿਠਾਰੀ ਸਮੂਹਿਕ ਕਤਲ ਕਾਂਡ ਮਾਮਲੇ ਵਿਚ ਅਹਿਮ ਫੈਸਲਾ ਸੁਣਾਇਆ ਹੈ। ਇਸ ਮਾਮਲੇ ਦੇ ਇਕਲੌਤੇ ਮੁਲਜ਼ਮ ਸੁਰੇਂਦਰ ਕੋਲੀ ਨੂੰ ਸੁਪਰੀਮ ਕੋਰਟ ਨੇ ਅੱਜ ਬਰੀ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਜੇਕਰ ਕਿਸੇ ਹੋਰ ਮਾਮਲੇ ਵਿੱਚ ਲੋੜ ਨਾ ਹੋਵੇ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਹ ਨਿਠਾਰੀ ਕਤਲ ਕਾਂਡ ਨਾਲ ਸਬੰਧਤ 13ਵਾਂ ਕੇਸ ਸੀ ਜਿਸ ਵਿੱਚ ਕੋਲੀ ਨੂੰ ਬਰੀ ਕਰ ਦਿੱਤਾ ਗਿਆ ਹੈ। ਉਹ ਪਹਿਲਾਂ ਹੀ 12 ਹੋਰ ਸਬੰਧਤ ਮਾਮਲਿਆਂ ਵਿੱਚ ਬਰੀ ਹੋ ਚੁੱਕਾ ਸੀ।
ਜ਼ਿਕਰਯੋਗ ਹੈ ਕਿ 29 ਦਸੰਬਰ, 2006 ਨੂੰ ਨੋਇਡਾ ਦੇ ਨਿਠਾਰੀ ਵਿਚ ਕਾਰੋਬਾਰੀ ਮਨਿੰਦਰ ਸਿੰਘ ਪੰਧੇਰ ਦੇ ਘਰ ਦੇ ਪਿੱਛੇ ਇੱਕ ਨਾਲੇ ਵਿੱਚੋਂ ਅੱਠ ਬੱਚਿਆਂ ਦੇ ਪਿੰਜਰ ਮਿਲੇ ਸਨ। ਉਸ ਵੇਲੇ ਪੰਧੇਰ ਦੇ ਘਰ ਵਿਚ ਕੋਲੀ ਘਰੇਲੂ ਨੌਕਰ ਸੀ।
ਸਰਵਉਚ ਅਦਾਲਤ ਨੇ ਨਿਠਾਰੀ ਵਿੱਚ 15 ਸਾਲ ਦੀ ਲੜਕੀ ਨਾਲ ਕਥਿਤ ਜਬਰ ਜਨਾਹ ਅਤੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਕੋਲੀ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਕਿਊਰੇਟਿਵ ਪਟੀਸ਼ਨ ਨੂੰ ਮਨਜ਼ੂਰੀ ਦਿੰਦਿਆਂ ਕਿਹਾ ਸੀ ਕਿ ਅਪਰਾਧਿਕ ਕਾਨੂੰਨ ਅਨੁਮਾਨ ਜਾਂ ਅੰਦਾਜ਼ੇ ’ਤੇ ਦੋਸ਼ੀ ਠਹਿਰਾਉਣ ਦੀ ਇਜਾਜ਼ਤ ਨਹੀਂ ਦਿੰਦਾ।
ਦੱਸਣਾ ਬਣਦਾ ਹੈ ਕਿ ਕਿਸੇ ਮਾਮਲੇ ਦੇ ਦੋਸ਼ੀ ਨੂੰ ਸਜ਼ਾ ਖ਼ਿਲਾਫ਼ ਰਿਵੀਊ ਪਟੀਸ਼ਨ ਪਾਉਣ ਤੋਂ ਬਾਅਦ ਕਿਊਰੇਟਿਵ ਪਟੀਸ਼ਨ ਹੀ ਆਖਰੀ ਕਾਨੂੰਨੀ ਰਸਤਾ ਹੁੰਦੀ ਹੈ।
ਚੀਫ਼ ਜਸਟਿਸ ਬੀ.ਆਰ. ਗਵਈ, ਜਸਟਿਸ ਸੂਰਿਆ ਕਾਂਤ ਅਤੇ ਵਿਕਰਮ ਨਾਥ ਦੇ ਬੈਂਚ ਨੇ ਕਿਹਾ ਕਿ ਨਿਠਾਰੀ ਵਿੱਚ ਹੋਏ ਅਪਰਾਧ ਘਿਨਾਉਣੇ ਸਨ ਅਤੇ ਪਰਿਵਾਰਾਂ ਦਾ ਦੁੱਖ ਬਹੁਤ ਵੱਡਾ ਸੀ। ਪੀਟੀਆਈ

