ਨਿੱਕੀ ਕਤਲ ਮਾਮਲਾ: ਜਲਣਸ਼ੀਲ ਪਦਾਰਥ ਅਤੇ ਨਵੇਂ ਵੀਡੀਓ ਕਲਿੱਪ ਨੇ ਲਿਆਂਦਾ ਨਵਾਂ ਮੋੜ
ਜਾਂਚ ਦਾ ਹਿੱਸਾ ਰਹੇ ਅਧਿਕਾਰੀ ਨੇ ਕਿਹਾ ਕਿ ਨਿੱਕੀ ਦੇ ਕਮਰੇ ਵਿੱਚੋਂ ਮਿਲੇ ਜਲਣਸ਼ੀਲ ਪਦਾਰਥ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਪੁਲੀਸ 21 ਅਗਸਤ ਦੀ ਘਟਨਾ ਨਾਲ ਸਬੰਧਤ ਕਈ ਛੋਟੇ ਵੀਡੀਓ ਕਲਿੱਪਾਂ ਦੀ ਵੀ ਜਾਂਚ ਕਰ ਰਹੀ ਹੈ, ਜੋ ਜਨਤਕ ਤੌਰ ’ਤੇ ਸਾਹਮਣੇ ਆ ਰਹੇ ਹਨ।
ਨਵੇਂ ਖੁਲਾਸੇ ਪਹਿਲਾਂ ਦੇ ਦੋਸ਼ਾਂ ਤੋਂ ਵੱਖਰੇ ਲੱਗ ਰਹੇ ਹਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਨਿੱਕੀ (26) ਨੂੰ ਉਸ ਦੇ ਪਤੀ ਵਿਪਿਨ ਭਾਟੀ ਅਤੇ ਉਸ ਦੇ ਪਰਿਵਾਰ ਨੇ ਜਲਣਸ਼ੀਲ ਤਰਲ ਨਾਲ ਅੱਗ ਲਾ ਦਿੱਤੀ ਸੀ। ਪੁਲੀਸ ਨਿੱਕੀ ਦੀ ਭੈਣ ਕੰਚਨ ਦੇ ਬਿਆਨ ਦੀ ਵੀ ਮੁੜ ਜਾਂਚ ਕਰੇਗੀ, ਜਿਸ ਨੇ ਕਥਿਤ ਘਟਨਾ ਦਾ ਵੀਡੀਓ ਬਣਾਇਆ ਸੀ, ਐਫ.ਆਈ.ਆਰ. ਦਰਜ ਕਰਵਾਈ ਸੀ ਅਤੇ ਮਾਮਲੇ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਨ ਦਾ ਦਾਅਵਾ ਕੀਤਾ ਸੀ।
ਕੰਚਨ ਦਾ ਵਿਆਹ ਰੋਹਿਤ ਭਾਟੀ ਨਾਲ ਹੋਇਆ ਹੈ। ਵਿਪਿਨ, ਰੋਹਿਤ, ਨਿੱਕੀ ਦੇ ਸਹੁਰੇ ਸਤਵੀਰ ਅਤੇ ਸੱਸ ਦਇਆ ਨੂੰ ਪਿਛਲੇ ਵੀਰਵਾਰ ਗਰੇਟਰ ਨੋਇਡਾ ਵਿੱਚ ਕਥਿਤ ਦਾਜ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਅਧਿਕਾਰੀ ਨੇ ਕਿਹਾ, ‘‘ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਨਵੇਂ ਵੀਡੀਓ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ ਸੱਸ ਨੂੰ ਝਗੜੇ ਦੌਰਾਨ ਨਿੱਕੀ ਅਤੇ ਵਿਪਿਨ ਨੂੰ ਵੱਖ ਕਰਦੇ ਹੋਏ ਦਿਖਾਇਆ ਗਿਆ ਹੈ ਅਤੇ ਇੱਕ ਹੋਰ ਵਿੱਚ ਕੰਚਨ ਦੁਆਰਾ ਕਥਿਤ ਤੌਰ 'ਤੇ ਫਿਲਮਾਇਆ ਗਿਆ ਹੈ ਜਿਸ ਵਿੱਚ ਇੱਕ ਆਵਾਜ਼ ਸੁਣਾਈ ਦਿੰਦੀ ਹੈ, 'ਯੇ ਕਿਆ ਕਰ ਲਿਆ (ਇਹ ਕੀ ਕਰ ਲਿਆ)'। ਕੰਚਨ ਦੇ ਬਿਆਨ ਦੀ ਮੁੜ ਜਾਂਚ ਕੀਤੀ ਜਾਵੇਗੀ।" ਉਨ੍ਹਾਂ ਦੱਸਿਆ ਕਿ ਹੁਣ ਤੱਕ ਦੋਹਾਂ ਪਰਿਵਾਰਾਂ ਦੇ ਲਗਪਗ ਇੱਕ ਦਰਜਨ ਬਿਆਨ ਦਰਜ ਕੀਤੇ ਜਾ ਚੁੱਕੇ ਹਨ।’’
ਪੁਲੀਸ ਸੀਸੀਟੀਵੀ ਕੈਮਰੇ ਦੀ ਫੁਟੇਜ ਦਾ ਵਿਸ਼ਲੇਸ਼ਣ ਕਰ ਰਹੀ ਹੈ ਜਿਸ ਵਿੱਚ ਵਿਪਿਨ ਘਟਨਾ ਤੋਂ ਕੁਝ ਮਿੰਟ ਪਹਿਲਾਂ ਆਪਣੇ ਘਰ ਦੇ ਬਾਹਰ ਖੜ੍ਹਾ ਦਿਖਾਈ ਦੇ ਰਿਹਾ ਹੈ, ਇਸ ਤੋਂ ਇਲਾਵਾ ਪਿਛਲੇ ਅਕਤੂਬਰ ਵਿੱਚ ਗਰੇਟਰ ਨੋਇਡਾ ਦੇ ਜਰਚਾ ਖੇਤਰ ਵਿੱਚ ਉਸ ਖ਼ਿਲਾਫ਼ ਦਰਜ ਕੀਤੇ ਗਏ ਇੱਕ ਵੱਖਰੇ ਹਮਲੇ ਦੇ ਕੇਸ ਦੀ ਵੀ ਜਾਂਚ ਕਰ ਰਹੀ ਹੈ।
ਨਿੱਕੀ 21 ਅਗਸਤ ਨੂੰ ਆਪਣੇ ਸਿਰਸਾ ਪਿੰਡ ਦੇ ਘਰ ਵਿੱਚ ਗੰਭੀਰ ਸੜੀ ਹੋਈ ਹਾਲਤ ਵਿੱਚ ਮਿਲੀ ਸੀ। ਦਿੱਲੀ ਦੇ ਇੱਕ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਜਿਸ ਨਿੱਜੀ ਹਸਪਤਾਲ ਵਿੱਚ ਉਸ ਨੂੰ ਪਹਿਲਾਂ ਦਾਖਲ ਕਰਵਾਇਆ ਗਿਆ ਸੀ, ਉਸ ਦੇ ਇੱਕ ਮੈਮੋ ਵਿੱਚ ਦੱਸਿਆ ਗਿਆ ਹੈ ਕਿ ਉਸ ਨੂੰ "ਘਰ ਵਿੱਚ ਗੈਸ ਸਿਲੰਡਰ ਫਟਣ ਕਾਰਨ ਗੰਭੀਰ ਸੱਟਾਂ ਲੱਗੀਆਂ ਸਨ," ਅਤੇ ਉਸ ਨੂੰ ਵਿਪਿਨ ਦੇ ਚਚੇਰੇ ਭਰਾ ਦਵਿੰਦਰ ਦੁਆਰਾ ਗੰਭੀਰ ਹਾਲਤ ਵਿੱਚ ਉੱਥੇ ਲਿਆਂਦਾ ਗਿਆ ਸੀ।
ਹਾਲਾਂਕਿ, ਨਿੱਕੀ ਦੀ ਵੱਡੀ ਭੈਣ ਕੰਚਨ ਨੇ ਐੱਫਆਈਆਰ ਵਿੱਚ ਦੋਸ਼ ਲਾਇਆ ਕਿ ਨਿੱਕੀ ਨੂੰ ਵਿਪਿਨ, ਉਸ ਦੀ ਮਾਂ ਦਇਆ, ਪਿਤਾ ਸਤਵੀਰ ਅਤੇ ਭਰਾ ਰੋਹਿਤ ਨੇ ਕੁੱਟਮਾਰ ਕਰਨ ਤੋਂ ਬਾਅਦ ਜਾਣਬੁੱਝ ਕੇ ਅੱਗ ਲਾ ਦਿੱਤੀ ਸੀ।