ਅਧਿਕਾਰੀਆਂ ਨੇ ਅੱਜ ਇੱਥੇ ਨਿੱਜੀ ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਦੇ ਬਿਆਨਾਂ ਦੇ ਹਵਾਲੇ ਨਾਲ ਦੱਸਿਆ ਕਿ ਸ਼ੱਕੀ ਦਾਜ ਪੀੜਤ ਨਿੱਕੀ ਭਾਟੀ ਦੀ ਮੌਤ ਘਰ ਵਿੱਚ ਗੈਸ ਸਿਲੰਡਰ ਧਮਾਕੇ ਵਿੱਚ ਸੜਨ ਕਾਰਨ ਹੋਈ ਸੀ, ਜਿੱਥੇ ਉਸ ਨੂੰ ਪਹਿਲਾਂ ਦਾਖ਼ਲ ਕਰਵਾਇਆ ਗਿਆ ਸੀ।
ਨਿੱਜੀ ਹਸਪਤਾਲ ਵਿੱਚ 21 ਅਗਸਤ ਨੂੰ ਨਿੱਕੀ ਭਾਟੀ ਨੂੰ ਲਿਜਾਇਆ ਗਿਆ ਸੀ, ਦੇ ਮੀਮੋ ਅਨੁਸਾਰ ਉਹ ‘ਘਰ ਵਿੱਚ ਹੋਏ ਸਿਲੰਡਰ ਧਮਾਕੇ ਕਾਰਨ ਬੁਰੀ ਤਰ੍ਹਾਂ ਝੁਲਸ ਗਈ ਸੀ’ ਅਤੇ ਉਸ ਦੇ ਪਤੀ ਵਿਪਨ ਭਾਟੀ ਦੇ ਚਚੇਰੇ ਭਰਾ ਵੱਲੋਂ ਉਸ ਨੂੰ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਉਸ ਦੇ ਦਾਖ਼ਲੇ ਸਮੇਂ ਮੌਜੂਦ ਡਾਕਟਰਾਂ ਅਤੇ ਨਰਸਾਂ ਦੇ ਬਿਆਨ ਦਰਜ ਕੀਤੇ ਗਏ ਹਨ। ਨਿੱਕੀ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਗੈਸ ਸਿਲੰਡਰ ਧਮਾਕੇ ਕਾਰਨ ਝੁਲਸੀ ਹੈ।’’
ਪੁਲੀਸ ਨੇ ਦੱਸਿਆ ਕਿ ਉਹ ਅਗਲੀ ਕਾਰਵਾਈ ਕਰਨ ਤੋਂ ਪਹਿਲਾਂ ਸਬੂਤ ਇਕੱਠੇ ਕਰ ਰਹੀ ਹੈ ਅਤੇ ਮਾਮਲੇ ਸਬੰਧੀ ਵੱਖ ਵੱਖ ਪਹਿਲੂਆਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਾਦਸੇ ਨਾਲ ਸਬੰਧਿਤ ਸੋਸ਼ਲ ਮੀਡੀਆ ’ਤੇ ਮੌਜੂਦ ਵੱਖ ਵੱਖ ਵੀਡੀਓਜ਼ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਦੇ ਦੋਸ਼ਾਂ ਵਿਚਕਾਰ ਇਹ ਨਵੇਂ ਵੇਰਵੇ ਸਾਹਮਣੇ ਆਏ ਹਨ ਕਿ ਨਿੱਕੀ ਨੂੰ ਉਸ ਦੇ ਪਤੀ ਅਤੇ ਸਹੁਰਿਆਂ ਨੇ ਕਥਿਤ ਤੌਰ ’ਤੇ ਦਾਜ ਦੀ ਮੰਗ ਲਈ ਅੱਗ ਲਗਾ ਦਿੱਤੀ ਸੀ।
26 ਸਾਲਾ ਲੜਕੀ ਦੀ 22 ਅਗਸਤ ਨੂੰ ਮੌਤ ਹੋ ਗਈ ਸੀ, ਜਿਸ ਤੋਂ ਇੱਕ ਦਿਨ ਪਹਿਲਾਂ ਉਸ ਨੂੰ ਗੰਭੀਰ ਰੂਪ ਵਿੱਚ ਸੜਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਚਾਰੇ ਮੁਲਜ਼ਮ, ਪਤੀ ਵਿਪਿਨ, ਸਹੁਰਾ ਸਤਿਆਵੀਰ, ਸੱਸ ਦਯਾ ਅਤੇ ਜੀਜਾ ਰੋਹਿਤ, ਨੂੰ ਉਦੋਂ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨਿੱਕੀ ਦੇ ਮਾਮਲੇ ਵਿੱਚ ਭਾਰਤੀ ਨਿਆ ਸੰਹਿਤਾ ਦੀ ਧਾਰਾ 103(1) (ਕਤਲ), 115(2) (ਸਵੈ-ਇੱਛਾ ਨਾਲ ਠੇਸ ਪਹੁੰਚਾਉਣਾ), ਅਤੇ 61(2) (ਉਮਰ ਕੈਦ ਦੀ ਸਜ਼ਾ ਯੋਗ ਅਪਰਾਧ ਕਰਨ ਦੀ ਕੋਸ਼ਿਸ਼) ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ।
ਇਸ ਦੌਰਾਨ ਨਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਦੇ ਇੱਕ ਮੈਂਬਰ ਨਾਲ ਮੁਲਾਕਾਤ ਕੀਤੀ ਅਤੇ ਮਾਮਲੇ ਵਿੱਚ ਫਾਸਟ-ਟਰੈਕ ਅਦਾਲਤੀ ਸੁਣਵਾਈ ਦੀ ਮੰਗ ਕੀਤੀ।