ਨਵਾਂ ਇਮੀਗ੍ਰੇਸ਼ਨ ਤੇ ਵਿਦੇਸ਼ੀ ਐਕਟ ਲਾਗੂ
ਵਿਦੇਸ਼ੀਆਂ ਅਤੇ ਇਮ੍ਰੀਗੇਸ਼ਨ ਨਾਲ ਸਬੰਧਤ ਮਾਮਲਿਆਂ ਨੂੰ ਰੈਗੂਲੇਟ ਕਰਨ ਵਾਲਾ ਇਕ ਨਵਾਂ ਐਕਟ ਅੱਜ ਤੋਂ ਲਾਗੂ ਹੋ ਗਿਆ ਹੈ, ਜਿਸ ਵਿੱਚ ਜਾਅਲੀ ਪਾਸਪੋਰਟ ਜਾਂ ਵੀਜ਼ਾ ਰੱਖਣ ’ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ।
ਇਮੀਗ੍ਰੇਸ਼ਨ ਤੇ ਵਿਦੇਸ਼ੀ ਐਕਟ, 2025 ਬਜਟ ਸੈਸ਼ਨ ਦੌਰਾਨ ਸੰਸਦ ’ਚ ਪਾਸ ਹੋਇਆ ਸੀ। ਇਸ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 4 ਅਪਰੈਲ 2025 ਨੂੰ ਆਪਣੀ ਮਨਜ਼ੂਰੀ ਦਿੱਤੀ ਸੀ।
ਗ੍ਰਹਿ ਮੰਤਰਾਲੇ ਦੇ ਵਧੀਕ ਸਕੱਤਰ ਨਿਤੇਸ਼ ਕੁਮਾਰ ਵਿਆਸ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, ‘‘ਇਮੀਗ੍ਰੇਸ਼ਨ ਅਤੇ ਵਿਦੇਸ਼ੀ ਐਕਟ, 2025 (2025 ਦੀ 13) ਦੀ ਧਾਰਾ ਇਕ ਦੀ ਉਪ ਧਾਰਾ (2) ਰਾਹੀਂ ਮਿਲੀਆਂ ਸ਼ਕਤੀਆਂ ਦਾ ਇਸਤੇਮਾਲ ਕਰਦੇ ਹੋਏ ਕੇਂਦਰ ਸਰਕਾਰ ਪਹਿਲੀ ਸਤੰਬਰ 2025 ਨੂੰ ਇਕ ਅਜਿਹੀ ਤਰੀਕ ਦੇ ਰੂਪ ਵਿੱਚ ਤੈਅ ਕਰਦੀ ਹੈ ਜਦੋਂ ਇਸ ਐਕਟ ਦੀਆਂ ਵਿਵਸਥਾਵਾਂ ਅਮਲੀ ਰੂਪ ’ਚ ਲਾਗੂ ਹੋ ਗਈਆਂ ਹਨ।’’
ਇਸ ਕਾਨੂੰਨ ਮੁਤਾਬਕ ਭਾਰਤ ਵਿੱਚ ਦਾਖ਼ਲ ਹੋਣ ਜਾਂ ਰੁਕਣ ਜਾਂ ਇਸ ਦੇਸ਼ ਤੋਂ ਜਾਣ ਲਈ ਜੋ ਵੀ ਜਾਅਲੀ ਪਾਸਪੋਰਟ ਜਾਂ ਵੀਜ਼ੇ ਦਾ ਇਸਤੇਮਾਲ ਕਰਦਾ ਹੋਇਆ ਫੜਿਆ ਜਾਵੇਗਾ, ਉਸ ਨੂੰ ਸੱਤ ਸਾਲ ਤੱਕ ਦੀ ਕੈਦ ਹੋ ਸਕਦੀ ਹੈ ਅਤੇ ਉਸ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। -ਪੀਟੀਆਈ