ਪਾਰਕਿੰਗ ਦੇ ਰੌਲੇ ਦੌਰਾਨ ਗੁਆਂਢੀ ਨੇ ਪਰਿਵਾਰ ਪਿੱਛੇ ਪਾਇਆ ਪਾਲਤੂ ਕੁੱਤਾ, 6 ਜ਼ਖਮੀ
ਉੱਤਰ-ਪੂਰਬੀ ਦਿੱਲੀ ਦੇ ਸੁਭਾਸ਼ ਪਾਰਕ ਇਲਾਕੇ ’ਚ ਮੋਟਰਸਾਈਕਲ ਪਾਰਕ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੇ ਪਰਿਵਾਰ ’ਤੇ ਆਪਣਾ ਪਾਲਤੂ ਕੁੱਤਾ ਛੱਡ ਦਿੱਤਾ ਅਤੇ ਆਪਣੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਵੀ ਕੀਤਾ।...
ਉੱਤਰ-ਪੂਰਬੀ ਦਿੱਲੀ ਦੇ ਸੁਭਾਸ਼ ਪਾਰਕ ਇਲਾਕੇ ’ਚ ਮੋਟਰਸਾਈਕਲ ਪਾਰਕ ਕਰਨ ਨੂੰ ਲੈ ਕੇ ਹੋਏ ਝਗੜੇ ਦੌਰਾਨ ਇੱਕ ਵਿਅਕਤੀ ਨੇ ਆਪਣੇ ਗੁਆਂਢੀ ਦੇ ਪਰਿਵਾਰ ’ਤੇ ਆਪਣਾ ਪਾਲਤੂ ਕੁੱਤਾ ਛੱਡ ਦਿੱਤਾ ਅਤੇ ਆਪਣੇ ਦੋਸਤਾਂ ਨਾਲ ਮਿਲ ਕੇ ਉਨ੍ਹਾਂ ’ਤੇ ਹਮਲਾ ਵੀ ਕੀਤਾ। ਜਿਸ ਕਾਰਨ ਪਰਿਵਾਰ ਦੇ ਛੇ ਮੈਂਬਰ ਜ਼ਖਮੀ ਹੋ ਗਏ।
ਪੁਲਿਸ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਰਾਤ ਕਰੀਬ 11.30 ਵਜੇ ਵਾਪਰੀ। ਪੁਲਿਸ ਅਨੁਸਾਰ ਮੁਲਜ਼ਮ ਸ਼ਾਲੂ ਦੀ ਆਪਣੇ ਗੁਆਂਢੀ ਕੇਤਨ (32) ਨਾਲ ਮੋਟਰਸਾਈਕਲ ਪਾਰਕਿੰਗ ਨੂੰ ਲੈ ਕੇ ਬਹਿਸ ਹੋ ਗਈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ, ‘‘ਬਹਿਸ ਦੌਰਾਨ, ਸ਼ਾਲੂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਕੇਤਨ ਅਤੇ ਉਸ ਦੇ ਪਰਿਵਾਰ ਦੇ ਪੰਜ ਮੈਂਬਰਾਂ ’ਤੇ ਹਮਲਾ ਕੀਤਾ। ਉਹ ਭੱਜਣ ਤੋਂ ਪਹਿਲਾਂ ਉਨ੍ਹਾਂ ’ਤੇ ਆਪਣਾ ਪਾਲਤੂ ਕੁੱਤਾ ਵੀ ਛੱਡ ਗਿਆ।’’
ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜੀਟੀਬੀ ਅਤੇ ਜੇਪੀਸੀ ਹਸਪਤਾਲ ਲਿਜਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਪੰਜ ਮੈਂਬਰਾਂ ਨੂੰ ਡਾਕਟਰੀ ਸਹਾਇਤਾ ਦੇਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ, ਜਦੋਂ ਕਿ ਇੱਕ ਵਿਅਕਤੀ ਅਜੇ ਵੀ ਡਾਕਟਰਾਂ ਦੀ ਨਿਗਰਾਨੀ ਹੇਠ ਹੈ।
ਪੁਲਿਸ ਨੇ ਦੱਸਿਆ ਕਿ ਵੈਲਕਮ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਅਧਿਕਾਰੀ ਨੇ ਅੱਗੇ ਕਿਹਾ, "ਦੋਸ਼ੀ ਨੂੰ ਲੱਭਣ ਅਤੇ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਕਿ ਇਸ ਸਮੇਂ ਫਰਾਰ ਹੈ। ਮਾਮਲੇ ਦੀ ਜਾਂਚ ਜਾਰੀ ਹੈ।"

