ਪ੍ਰਿਯੰਕਾ ਗਾਂਧੀ ਨਾਲ 19 ਨੂੰ ਮੁਲਾਕਾਤ ਕਰਨਗੇ ਨਵਜੋਤ ਸਿੱਧੂ
ਪੰਜਾਬ ਕਾਂਗਰਸ ਵਿੱਚ ਚੱਲ ਰਹੀ ਖਿੱਚੋਤਾਣ ਦਰਮਿਆਨ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ 19 ਦਸੰਬਰ ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕਰਨਗੇ। ਸਿੱਧੂ ਨੇ ਇਸ ਮਿਲਣੀ ਲਈ ਸਮਾਂ ਮੰਗਿਆ ਸੀ। ਹਾਲਾਂਕਿ ਸਿੱਧੂ ਬੁੱਧਵਾਰ ਨੂੰ ਦਿੱਲੀ ਵਿਚ ਮੌਜੂਦ ਸਨ, ਪਰ ਸੰਸਦ ਦਾ ਸਰਦ ਰੁੁੱਤ ਇਜਲਾਸ ਚੱਲਣ ਕਰਕੇ ਉਨ੍ਹਾਂ ਦੀ ਪਾਰਟੀ ਹਾਈ ਕਮਾਨ ਨਾਲ ਮੁਲਾਕਾਤ ਨਹੀਂ ਹੋ ਸਕੀ। ਸਿੱਧੂ ਹਾਈ ਕਮਾਨ ਵੱਲੋਂ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਆਪਣਾ ਪੱਖ ਰੱਖਣਾ ਚਾਹੁੰਦੇ ਹਨ।
ਦੂਜੇ ਪਾਸੇ ਕਾਂਗਰਸ ਹਾਈਕਮਾਨ ਨੇ ਡਾ. ਨਵਜੋਤ ਕੌਰ ਸਿੱਧੂ ਵੱਲੋਂ “500 ਕਰੋੜ ਵਿੱਚ ਮੁੱਖ ਮੰਤਰੀ ਦੀ ਕੁਰਸੀ’ ਵਾਲੇ ਬਿਆਨ ਦੀ ਜਾਂਚ ਲਈ ਉੱਚ-ਪੱਧਰੀ ਕਮੇਟੀ ਬਣਾ ਦਿੱਤੀ ਹੈ। ਇਸ ਕਮੇਟੀ ਦੀ ਅਗਵਾਈ ਪਾਰਟੀ ਦੇ ਪੰਜਾਬ ਇੰਚਾਰਜ ਭੁਪੇਸ਼ ਬਘੇਲ ਕਰਨਗੇ। ਬਾਕੀ ਮੈਂਬਰਾਂ ਬਾਰੇ ਹਾਲੇ ਖੁਲਾਸਾ ਨਹੀਂ ਕੀਤਾ ਗਿਆ।
ਹਾਈ ਕਮਾਨ ਨੇ ਕੌਰ ਦੇ ਬਿਆਨਾਂ ’ਤੇ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ ਤੇ ਭੁਪੇਸ਼ ਬਘੇਲ ਤੋਂ ਇਸ ਬਾਰੇ ਵਿਸਥਾਰਤ ਰਿਪੋਰਟ ਮੰਗ ਲਈ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਕਲੇਸ਼ ਤੋਂ ਹਾਈਕਮਾਨ ਨਾਰਾਜ਼ ਹੈ।
ਮੰਨਿਆ ਜਾ ਰਿਹਾ ਹੈ ਕਿ ਜੇਕਰ ਕਾਂਗਰਸ ਹਾਈਕਮਾਨ ਨੇ ਸਖ਼ਤੀ ਵਿਖਾਈ ਤਾਂ ਨਵਜੋਤ ਕੌਰ ਸਿੱਧੂ ਦੀ ਕਾਂਗਰਸ ਤੋਂ ਛੁੱਟੀ ਹੋ ਸਕਦੀ ਹੈ। ਹਾਲਾਂਕਿ ਹੁਣ ਤੱਕ ਉਨ੍ਹਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਵਿੱਚ ਇਸ ਮੁੱਦੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਉਨ੍ਹਾਂ ਦੇ ਅੰਮ੍ਰਿਤਸਰ ਆਉਣ ਅਤੇ ਫਿਰ ਮੁੰਬਈ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਪਰ ਉਹ ਮੀਡੀਆ ਸਾਹਮਣੇ ਨਹੀਂ ਆਏ। ਪੰਜਾਬ ਦੀ ਸਿਆਸਤ ਤੋਂ ਦੂਰ ਰਹਿਣ ਵਾਲੇ ਸਿੱਧੂ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਬੇਬਾਕ ਬਿਆਨ ਦਿੰਦੇ ਸਨ, ਪਰ ਇਸ ਪੂਰੇ ਮਾਮਲੇ ’ਤੇ ਹੁਣ ਉਹ ਪੂਰੀ ਤਰ੍ਹਾਂ ਚੁੱਪ ਹਨ।
