ਕੌਮੀ ਰਾਜਧਾਨੀ ਹਵਾ ਪ੍ਰਦੂਸ਼ਣ ਦੀ ਮਾਰ ਹੇਠ
ਹਵਾ ਗੁਣਵੱਤਾ ਸੂਚਕ ਅੰਕ 18 ਥਾਵਾਂ ’ਤੇ ‘ਗੰਭੀਰ’ ਤੇ 20 ਥਾਵਾਂ ’ਤੇ ‘ਬਹੁਤ ਖਰਾਬ ਸ਼੍ਰੇਣੀ’ ਵਿੱਚ
ਦਿੱਲੀ ਵਿੱਚ ਅੱਜ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਰਹੀ ਅਤੇ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 385 ਦਰਜ ਕੀਤਾ ਗਿਆ। ਇਸ ਦੌਰਾਨ ਕੌਮੀ ਰਾਜਧਾਨੀ ਧੂੰਏਂ ਦੀ ਚਾਦਰ ਨਾਲ ਢਕੀ ਗਈ। ਸ਼ਹਿਰ ਵਿੱਚ ਪ੍ਰਦੂਸ਼ਣ ਵਧਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ ਅਤੇ ਉਹ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਕੱਲ੍ਹ ਕਈ ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ 550 ਤੋਂ ਪਾਰ ਹੋ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਅਨੁਸਾਰ ਦਿੱਲੀ ਵਿੱਚ 18 ਨਿਗਰਾਨੀ ਕੇਂਦਰਾਂ ’ਤੇ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ, ਜਦੋਂ ਕਿ 20 ਕੇਂਦਰਾਂ ’ਤੇ ਏਅਰ ਕੁਆਲਿਟੀ ਇੰਡੈਕਸ 300 ਤੋਂ ਪਾਰ ਬਹੁਤ ‘ਖਰਾਬ ਸ਼੍ਰੇਣੀ’ ਵਿੱਚ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਵਾ ਗੁਣਵੱਤਾ ਸੂਚਕ ਅੰਕ ਨੂੰ ਸਿਫ਼ਰ ਤੋਂ 50 ਵਿਚਕਾਰ ‘ਚੰਗਾ’, 51 ਤੋਂ 100 ਤੱਕ ਤਸੱਲੀਬਖ਼ਸ਼, 101-200 ਵਿਚਕਾਰ ‘ਮੱਧਮ’ 201-301 ਵਿਚਕਾਰ ‘ਖਰਾਬ’, 301 ਤੋਂ 400 ਵਿਚਕਾਰ ‘ਬਹੁਤ ਖਰਾਬ’ ਅਤੇ 401 ਤੋਂ 500 ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ। ਦੂਜੇ ਪਾਸੇ ਭਾਰਤ ਮੌਸਮ ਵਿਗਿਆਨ ਵਿਭਾਗ (ਆਈ ਐੱਮ ਡੀ) ਨੇ ਦੱਸਿਆ ਕਿ ਦਿੱਲੀ ਵਿੱਚ ਘੱਟ ਤੋਂ ਘੱਟ ਤਾਪਮਾਨ ਨੌਂ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜੋ ਕਿ ਮੌਸਮ ਦੇ ਔਸਤ ਤਾਪਮਾਨ ਨਾਲੋਂ 4.5 ਡਿਗਰੀ ਘੱਟ ਹੈ। ਇਸ ਤੋਂ ਸਵੇਰੇ 8.30 ਵਜੇਂ ਮੌਸਮ ਵਿੱਚ ਨਮੀ 81 ਫੀਸਦ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਆਸਮਾਨ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਰਹਿ ਸਕਦਾ ਹੈ।

