ਕੌਮੀ ਰਾਜਧਾਨੀ ਧੂੰਏਂ ਨਾਲ ਘਿਰੀ
ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਬਰਕਰਾਰ ਹੈ ਅਤੇ ਪ੍ਰਦੂਸ਼ਣ ਕਾਰਨ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਗਿਆ ਹੈ। ਵਜ਼ੀਰਪੁਰ ਵਿੱਚ ਅੱਜ ਸਵੇਰੇ ਏਅਰ ਕੁਆਲਿਟੀ ਇੰਡੈਕਸ 327 ਦਰਜ ਕੀਤਾ ਗਿਆ। ਜਾਣਕਾਰੀ ਅਨੁਸਾਰ ਅੱਜ ਸ਼ਹਿਰ ਅਤੇ ਨਾਲ ਲੱਗਦੇ ਖੇਤਰਾਂ ਨੂੰ ਧੂੰਏਂ ਦੀ ਮੋਟੀ ਪਰਤ ਨੇ ਘੇਰ ਲਿਆ ਕਿਉਂਕਿ ਖੇਤਰ ਦੇ ਕੁਝ ਹਿੱਸਿਆਂ ਵਿੱਚ ਕੀਤੇ ਗਏ ਬੱਦਲਵਾਈ ਕਾਰਨ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਨਹੀਂ ਆਈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ ਬੁੱਧਵਾਰ ਸਵੇਰੇ 8 ਵਜੇ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ‘ਬਹੁਤ ਮਾੜੀ’ ਸ਼੍ਰੇਣੀ ਵਿੱਚ 306 ਦਰਜ ਕੀਤਾ ਜੋ ਕਿ ਮੰਗਲਵਾਰ ਦੇ 294 ਤੋਂ ਥੋੜ੍ਹਾ ਜਿਹਾ ਵੱਧ ਹੈ ਜੋ ‘ਮਾੜੀ’ ਸ਼੍ਰੇਣੀ’ ਵਿੱਚ ਆਇਆ ਸੀ। ਦਿੱਲੀ ਦੇ ਵੱਖ ਵੱਖ ਖੇਤਰਾਂ ਵਿੱਚ ਏ ਕਿਊ ਆਈ 226 ਤੋਂ ਲੈਕੇ 308 ਤੱਕ ਰਿਹਾ। ਆਨੰਦ ਵਿਹਾਰ- 307 (ਬਹੁਤ ਮਾੜਾ), ਆਰਕੇ ਪੁਰਮ-308, ਅਸ਼ੋਕ ਵਿਹਾਰ ਵਿੱਚ 302, ਬਵਾਨਾ ਵਿੱਚ 322, ਨਹਿਰੂ ਨਗਰ ਵਿੱਚ 294, ਅਕਸ਼ਰਧਾਮ ਖੇਤਰ ਵਿੱਚ 307, ਇੰਡੀਆ ਗੇਟ ਵਿੱਚ 282 ਦਰਜ ਕੀਤਾ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡੀ ਦੀ ਸਮੀਰ ਐਪ ਦੇ ਡਾਟਾ ਅਨੁਸਾਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦਿੱਲੀ ਦੇ 38 ਨਿਗਰਾਨੀ ਸਟੇਸ਼ਨਾਂ ’ਚੋਂ 11 ਤੋਂ ਏਕਿਊਆਈ ‘ਬਹੁਤ ਮਾੜੀ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਦਿੱਲੀ ਮੈਟਰੋ ਨੇ ਸ਼ਹਿਰ ਵਿੱਚ ਪ੍ਰਦੂਸ਼ਣ ਘਟਾਉਣ ਲਈ ਮੈਟਰੇ ਦੇ 40 ਵਾਧੂ ਗੇੜੇ ਲਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸ਼ਹਿਰ ਵਿੱਚ ਪ੍ਰਦੂਸ਼ਣ ਘੱਟ ਕਰਨ ਲਈ ਮੈਟਰੋ ਦੀ ਵਰਤੋਂ ਕਰਨ। ਦਿੱਲੀ ਮੈਟਰੋ ਦੇ ਡਾਇਰੈਕਟਰ ਵਿਕਾਸ ਕੁਮਾਰ ਨੇ ਧੂੜ ਪ੍ਰਦੂਸ਼ਣ ਘੱਟ ਕਰਨ ਦੇ ਯਤਨਾਂ ਤਹਿਤ ਉਸਾਰੀ ਅਧੀਨ ਕ੍ਰਿਸ਼ਨਾ ਪਾਰਕ ਐਕਸਟੈਂਨਸ਼ਨ-ਆਰ ਕੇ ਆਸ਼ਰਮ ਮਾਰਗ ਕੌਰੀਡੋਰ ਸਣੇ ਉੱਤਰੀ ਦਿੱਲੀ ਦੇ ਅਸ਼ੋਕ ਵਿਹਾਰ ਖੇਤਰ ਦਾ ਦੌਰਾ ਕੀਤਾ। ਇਸੇ ਤਰ੍ਹਾਂ ਫਰੀਦਾਬਾਦ ਵਿੱਚ ਏ ਕਿਊ ਆਈ 277 ਰਿਹਾ ਜਦੋਂ ਕਿ ਬੱਲਭਗੜ੍ਹ ਦੀ ਨੱਥੂ ਕਲੋਨੀ ਦਾ ਏ ਕਿਊ ਆਈ 300 ਦੇ ਕਰੀਬ ਰਿਹਾ। ਫਰੀਦਾਬਾਦ ਨਗਰ ਨਿਗਮ ਵੱਲੋਂ ਐਨਆਈਟੀ ਦੇ ਇਲਾਕਿਆਂ ਵਿੱਚ ਸਮੌਗ ਗੰਨਾਂ ਨਾਲ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ ਤਾਂ ਪ੍ਰਦੂਸ਼ਣ ਘਟਾਇਆ ਜਾ ਸਕੇ। ਨਗਰ ਨਿਗਮ ਦੇ ਕੌਂਸਲਰ ਜਸਵੰਤ ਸਿੰਘ ਨਾਗਰਾ ਨੇ ਦੱਸਿਆ ਕਿ ਪ੍ਰਦੂਸ਼ਣ ਨੂੰ ਰੋਕਣ ਲਈ ਨਿਗਮ ਵੱਲੋਂ ਹੋਰ ਵੀ ਕਦਮ ਪੁੱਟੇ ਜਾ ਰਹੇ ਹਨ।
