ਕੌਮੀ ਰਾਜਧਾਨੀ ਧੁਆਂਖੀ ਧੁੰਦ ਦੀ ਗ੍ਰਿਫ਼ਤ ’ਚ
ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ ‘ਖ਼ਤਰਨਾਕ’ ਸ਼੍ਰੇਣੀ ਵੱਲ ਵਧ ਰਿਹਾ ਹੈ ਅਤੇ ਅੱਜ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 375 ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਅਨੁਸਾਰ ਸ਼ਹਿਰ ਵਿੱਚ ਧੁੰਦ ਤੇ ਧੁਆਂਖੀ ਧੁੰਦ ਕਾਰਨ ਦਿਸਣ ਹੱਦ ਘਟ ਗਈ ਹੈ। ਸ਼ਹਿਰ ਦੇ ਕੁਝ ਖੇਤਰਾਂ ਵਿੱਚ ਏ ਕਿਊ ਆਈ ਕਾਫੀ ਵਧ ਗਿਆ ਹੈ। ਵਿਵੇਕ ਵਿਹਾਰ ਵਿੱਚ ਏ ਕਿਊ ਆਈ 426, ਆਨੰਦ ਵਿਹਾਰ ’ਚ 415, ਅਸ਼ੋਕ ਵਿਹਾਰ ’ਚ 414, ਬਵਾਨਾ ’ਚ 419 ਅਤੇ ਸੋਨੀਆ ਵਿਹਾਰ ’ਚ 406 ਦਰਜ ਕੀਤਾ ਗਿਆ ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਸੀ ਪੀ ਸੀ ਬੀ ਦੇ ਅੰਕੜਿਆਂ ਅਨੁਸਾਰ 38 ’ਚੋਂ 37 ਨਿਗਰਾਨ ਕੇਂਦਰਾਂ ਨੇ ਏ ਕਿਊ ਆਈ 300 ਤੋਂ ਵੱਧ ਦਰਜ ਕੀਤਾ ਹੈ ਜੋ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਸੀ ਪੀ ਸੀ ਬੀ ਦੇ ਅਨੁਸਾਰ ਦਿੱਲੀ ’ਚ ਏ ਕਿਊ ਆਈ 357 ਦਰਜ ਕੀਤਾ ਗਿਆ ਜਦਕਿ ਕੱਲ੍ਹ ਇਹ ਅੰਕੜਾ 279 ਸੀ। ਵਾਤਾਵਰਨ ਮਾਹਿਰ ਵਿਮਲੇਂਦੂ ਝਾਅ ਨੇ ਆਖਿਆ ਕਿ ਸਵੇਰੇ-ਸ਼ਾਮ ਆਸਮਾਨ ਵਿੱਚ ਦਿਖਾਈ ਦੇਣ ਵਾਲੀ ਪੀਲੇ ਰੰਗ ਦੇ ਧੂੰਏਂ ਵਰਗੀ ਪਰਤ ਧੁਆਂਖੀ ਧੁੰਦ ਹੈ। ਧੁਆਂਖੀ ਧੁੰਦ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਅਨੁਸਾਰ ਪਾਲਮ ਖੇਤਰ ’ਚ ਸਵੇਰੇ 7:30 ਵਜੇ ਦਿਸਣ ਹੱਦ 1000 ਮੀਟਰ ਅਤੇ ਸਫਦਰਜੰਗ ਵਿੱਚ 800 ਮੀਟਰ ਰਹੀ। ਮੌਸਮ ਵਿਭਾਗ ਅਨੁਸਾਰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 20.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਚਾਰ ਡਿਗਰੀ ਵੱਧ ਹੈ। ਇਸੇ ਤਰ੍ਹਾਂ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਆਸਪਾਸ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਦਿਨ ਵਿੱਚ ਬੱਦਲਵਾਈ ਰਹਿਣ ਤੇ ਹਲਕੀ ਬੂੰਦਾਬਾਂਦੀ ਹੋਣ ਦੀ ਸੰਭਾਵਨਾ ਹੈ।
 
 
             
            