National Animal Issue: ਗਾਂ ਨੂੰ ਕੌਮੀ ਪਸ਼ੂ ਐਲਾਨਣ ਦੀ ਕੋਈ ਯੋਜਨਾ ਨਹੀਂ: ਕੇਂਦਰ ਦਾ ਸੰਸਦ ’ਚ ਜਵਾਬ
ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਐਸਪੀ ਸਿੰਘ ਬਘੇਲ (Union Minister of State for Fisheries, Animal Husbandry and Dairying S P Singh Baghel) ਨੇ ਮੰਗਲਵਾਰ ਨੂੰ ਸੰਸਦ ਨੂੰ ਦੱਸਿਆ ਕਿ ਕੇਂਦਰ ਸਰਕਾਰ ਦੀ ਗਾਂ ਨੂੰ ਕੌਮੀ ਜਾਨਵਰ/ਪਸ਼ੂ ਐਲਾਨਣ ਲਈ ਕੋਈ ਕਾਨੂੰਨ ਬਣਾਉਣ ਦੀ ਕੋਈ ਯੋਜਨਾ ਨਹੀਂ ਹੈ।
ਲੋਕ ਸਭਾ ਵਿੱਚ ਸੀਨੀਅਰ ਭਾਜਪਾ ਨੇਤਾ ਅਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ (former Uttarakhand Chief Minister Trivendra Singh Rawat) ਦੇ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ, ਬਘੇਲ ਨੇ ਕਿਹਾ: "ਨਹੀਂ, ਸ੍ਰੀਮਾਨ। ਸੰਵਿਧਾਨ ਦੀ ਧਾਰਾ 246(3) ਦੇ ਅਨੁਸਾਰ, ਕੇਂਦਰ ਅਤੇ ਰਾਜਾਂ ਵਿਚਕਾਰ ਵਿਧਾਨਕ ਸ਼ਕਤੀਆਂ ਦੀ ਵੰਡ ਦੇ ਤਹਿਤ, ਜਾਨਵਰਾਂ ਦੀ ਸੰਭਾਲ ਇੱਕ ਅਜਿਹਾ ਮਾਮਲਾ ਹੈ ਜਿਸ 'ਤੇ ਰਾਜ ਵਿਧਾਨ ਸਭਾਵਾਂ ਕੋਲ ਕਾਨੂੰਨ ਬਣਾਉਣ ਦੀਆਂ ਵਿਸ਼ੇਸ਼ ਸ਼ਕਤੀਆਂ ਹਨ।"
ਮੰਤਰੀ ਬਘੇਲ ਨੇ ਕਿਹਾ ਕਿ ਕੇਂਦਰ ਸਰਕਾਰ ਦਸੰਬਰ 2014 ਤੋਂ ਰਾਸ਼ਟਰੀ ਗੋਕੁਲ ਮਿਸ਼ਨ (Rashtriya Gokul Mission) ਨੂੰ ਲਾਗੂ ਕਰ ਰਹੀ ਹੈ, ਤਾਂ ਜੋ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਗਾਵਾਂ ਦੇ ਪ੍ਰਚਾਰ, ਸੁਰੱਖਿਆ ਅਤੇ ਪਾਲਣ-ਪੋਸ਼ਣ ਲਈ ਕੀਤੀਆਂ ਗਈਆਂ ਪਹਿਲਕਦਮੀਆਂ ਦਾ ਸਮਰਥਨ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ।
ਦੁੱਧ ਉਤਪਾਦਨ ਬਾਰੇ ਬਘੇਲ ਨੇ ਸਦਨ ਨੂੰ ਦੱਸਿਆ ਕਿ 2024 ਵਿੱਚ ਦੇਸ਼ ਦੇ ਕੁੱਲ 23.93 ਕਰੋੜ ਟਨ ਦੁੱਧ ਦੀ ਪੈਦਾਵਾਰ ਹੋਈ ਅਤੇ ਇਸ ਵਿੱਚ ਗਾਂ ਦੇ ਦੁੱਧ ਦਾ ਯੋਗਦਾਨ 53.12 ਫ਼ੀਸਦੀ ਸੀ, ਜਦੋਂ ਕਿ ਮੱਝਾਂ ਦੇ ਦੁੱਧ ਦਾ ਯੋਗਦਾਨ 43.62 ਫ਼ੀਸਦੀ ਸੀ।