ਨਰਿੰਦਰ ਮੋਦੀ ਵਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ
ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਕੈਨੇਡੀਅਨ ਹਮਰੁਤਬਾ ਮਾਰਕ ਕਾਰਨੀ ਨਾਲ ਮਿਲੇ ਅਤੇ ਦੋਵਾਂ ਆਗੂਆਂ ਨੇ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਊਰਜਾ ਵਰਗੇ ਖੇਤਰਾਂ ਵਿੱਚ ਸਬੰਧਾਂ ਨੂੰ ਅੱਗੇ ਵਧਾਉਣ ਦੇ ਨਾਲ-ਨਾਲ ਰੱਖਿਆ ਅਤੇ ਪੁਲਾੜ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਗੱਲਬਾਤ ਅੱਗੇ ਵਧਾਉਣ ਲਈ ਸਹਿਮਤੀ ਜਤਾਈ।
ਮੋਦੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਕਿਹਾ, ‘ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਚੰਗੇ ਮਾਹੌਲ ਵਿਚ ਮੁਲਾਕਾਤ ਹੋਈ।’
ਇਹ ਦੋਵਾਂ ਆਗੂਆਂ ਦਰਮਿਆਨ ਦੂਜੀ ਮੁਲਾਕਾਤ ਸੀ। ਉਹ ਪਹਿਲਾਂ ਜੂਨ ਵਿੱਚ ਕੈਨੇਡਾ ’ਚ ਜੀ-7 ਸੰਮੇਲਨ ਦੌਰਾਨ ਮਿਲੇ ਸਨ।
ਸ੍ਰੀ ਮੋਦੀ ਨੇ ਕਿਹਾ, ‘ਅਸੀਂ ਜੀ7 ਸੰਮੇਲਨ ਦੌਰਾਨ ਹੋਈ ਸਾਡੀ ਪਿਛਲੀ ਮੁਲਾਕਾਤ ਤੋਂ ਬਾਅਦ ਦੁਵੱਲੇ ਸਬੰਧਾਂ ਵਿੱਚ ਮਹੱਤਵਪੂਰਨ ਗਤੀ ਦੀ ਸ਼ਲਾਘਾ ਕੀਤੀ। ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਖਾਸ ਕਰਕੇ ਵਪਾਰ, ਨਿਵੇਸ਼, ਤਕਨਾਲੋਜੀ ਅਤੇ ਨਵੀਨਤਾ, ਊਰਜਾ ਅਤੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਹਿਮਤ ਹੋਏ ਹਾਂ।’
ਉਨ੍ਹਾਂ ਕਿਹਾ ਕਿ ਭਾਰਤ ਅਤੇ ਕੈਨੇਡਾ ਵਿੱਚ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ। ਉਨ੍ਹਾਂ ਆਪਣੇ ਦੁਵੱਲੇ ਵਪਾਰ ਲਈ 2030 ਤੱਕ 50 ਬਿਲੀਅਨ ਅਮਰੀਕੀ ਡਾਲਰ ਦਾ ਟੀਚਾ ਮਿਥਿਆ ਹੈ। ਕੈਨੇਡੀਅਨ ਪੈਨਸ਼ਨ ਫੰਡ ਵੀ ਭਾਰਤੀ ਕੰਪਨੀਆਂ ਵਿੱਚ ਡੂੰਘੀ ਦਿਲਚਸਪੀ ਦਿਖਾ ਰਹੇ ਹਨ। ਸ੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਹਾਂਪੱਖੀ ਮਾਹੌਲ ਵਿਚ ਗੱਲਬਾਤ ਹੋਈ।
