ਦਿੱਲੀ ’ਚ ਵਾਤਾਵਰਨ ਬਚਾਉਣ ਲਈ ਬਣਨਗੇ ‘ਨਮੋ ਵਨ’
ਦਿੱਲੀ ਸਰਕਾਰ ਕੌਮੀ ਰਾਜਧਾਨੀ ਵਿੱਚ 15 ਥਾਵਾਂ ਨੂੰ ਸੰਘਣੇ ਸ਼ਹਿਰੀ ਜੰਗਲਾਂ ਵਿੱਚ ਬਦਲਣ ਜਾ ਰਹੀ ਹੈ, ਤਾਂ ਜੋ ਹਰਿਆਲੀ ਵਧਾਈ ਜਾ ਸਕੇ ਤੇ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕੀਤਾ ਜਾ ਸਕੇ। ਇਸ ਨੂੰ ‘ਨਮੋ ਵਨ’ ਕਿਹਾ ਜਾਂਦਾ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਵਾਤਾਵਰਨ ਮੰਤਰੀ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਮੁੱਖ ਅਧਿਕਾਰੀਆਂ ਨਾਲ ਇਸ ਸਬੰਧ ਵਿੱਚ ਮੀਟਿੰਗ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਇਹ ਨਮੋ ਵਨ 177 ਏਕੜ ਤੋਂ ਵੱਧ ਦੇ ਖੇਤਰ ਨੂੰ ਕਵਰ ਕਰਨਗੀਆਂ ਅਤੇ ਇਨ੍ਹਾਂ ਦੇ ਵਿਕਾਸ ਤੋਂ ਬਾਅਦ ਕੌਮੀ ਰਾਜਧਾਨੀ ਵਿੱਚ 17 ਸ਼ਹਿਰੀ ਜੰਗਲ ਹੋਣਗੇ। ਇਸ ਸਬੰਧੀ ਕੰਮ ਜਲਦੀ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਨਵੰਬਰ ਤੋਂ ਪੌਦੇ ਲਗਾਉਣ ਦੀ ਯੋਜਨਾ ਹੈ। ਅਧਿਕਾਰੀਆਂ ਅਨੁਸਾਰ ਦਿੱਲੀ ਸਰਕਾਰ ਸ਼ਹਿਰ ਦੇ ਹਰੇ ਭਰੇ ਕਵਰ ਨੂੰ ਵਧਾਉਣ ਅਤੇ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਕੌਮੀ ਰਾਜਧਾਨੀ ਵਿੱਚ ਖਾਲੀ ਜ਼ਮੀਨ ਵਾਲੀਆਂ 15 ਥਾਵਾਂ ਨੂੰ ਸੰਘਣੇ ਸ਼ਹਿਰੀ ਜੰਗਲਾਂ ਵਿੱਚ ਬਦਲਣ ਲਈ ਯੋਜਨਾ ਬਣਾ ਰਹੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦਿੱਲੀ ਨੂੰ ਹਰਿਆ ਭਰਿਆ ਬਣਾਉਣ ਅਤੇ ਪ੍ਰਦੂਸ਼ਣ ਘਟਾਉਣ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ। ਉਨ੍ਹਾਂ ਦਿੱਲੀ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੌਮੀ ਰਾਜਧਾਨੀ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ। ਤਿਉਹਾਰਾਂ ਦੇ ਸੀਜ਼ਨ ਦੌਰਾਨ ਉਨ੍ਹਾਂ ਲੋਕਾਂ ਨੂੰ ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਦਾ ਧਿਆਨ ਰੱਖਣ ਲਈ ਕਿਹਾ। ਨਮੋ ਯੋਜਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤਹਿਤ ਕੌਮੀ ਰਾਜਧਾਨੀ ਵਿੱਚੋਂ ਪ੍ਰਦੂਸ਼ਣ ਘਟਾਉਣ ਲਈ ਕਾਫ਼ੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਯੋਜਨਾ ਤਹਿਤ ਬਣਾਏ ਜਾਣ ਵਾਲੇ ਸੰਘਣੇ ਹਰੇ ਜ਼ੋਨ ਸ਼ਹਿਰ ਲਈ ਕੁਦਰਤੀ ਫੇਫੜਿਆਂ ਦਾ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਨਮੋ ਵਨ ਪ੍ਰਾਜੈਕਟ ਤਹਿਤ ਸ਼ਹਿਰ ਦੇ ਕੁਝ ਇਲਕਿਆਂ ਨੂੰ ਹਰਿਆ ਭਰਿਆ ਬਣਾਇਆ ਜਾਣਾ ਹੈ। ਨਮੋ ਵਨ ਦੱਖਣ ਵਿੱਚ ਸਥਬਾੜੀ, ਮੈਦਾਨ ਗੜ੍ਹੀ, ਸ਼ਾਹਪੁਰ ਗੜ੍ਹੀ, ਅਲੀਪੁਰ, ਬੀ-4 ਨਰੇਲਾ, ਮਾਮੂਰਪੁਰ, ਜੀ-7 ਅਤੇ ਜੀ-8 ਨਰੇਲਾ, ਸੈਕਟਰ 32 ਰੋਹਿਣੀ ਵਿੱਚ ਬਰਵਾਲਾ, ਸੈਕਟਰ 30 ਰੋਹਿਣੀ ਵਿੱਚ ਪਹਿਲਦਪੁਰ ਬਾਗੜ, ਸੈਕਟਰ 32 ਰੋਹਿਣੀ ਵਿੱਚ ਪੰਸਾਲੀ, ਰੋਹਿਣੀ ਵਿੱਚ ਮਹਿਮੂਦਪੁਰਾ ਮਾਜ਼ਰੀ-ਏ, ਸੈਕਟਰ 31 ਰੋਹਿਣੀ ਵਿੱਚ ਪੰਸਾਲੀ ਅਤੇ ਉੱਤਰ ਵਿੱਚ ਸੈਕਟਰ 32 ਰੋਹਿਣੀ ਵਿੱਚ ਹੋਣਗੇ। ਇਸ ਤਹਿਤ ਇਨ੍ਹਾਂ ਇਲਾਕਿਆਂ ਵਿੱਚ ਹਰਿਆਲੀ ’ਤੇ ਜ਼ੋਰ ਦਿੱਤਾ ਜਾਵੇਗਾ।