‘ਮੇਰੇ ਪੁੱਤ ਦਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ’
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲਾ ਕਰਨ ਵਾਲੇ ਮੁਲਜ਼ਮ ਦੀ ਮਾਂ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਉਸਦੇ ਪੁੱਤਰ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਅਤੇ ਉਹ ਅਵਾਰਾ ਕੁੱਤਿਆਂ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਖ਼ਿਲਾਫ਼ ਪ੍ਰਦਰਸ਼ਨ ’ਚ ਹਿੱਸਾ ਲੈਣ ਲਈ ਕੌਮੀ ਰਾਜਧਾਨੀ ਗਿਆ ਸੀ। ਮੁਲਜ਼ਮ ਗੁਜਰਾਤ ਦੇ ਰਾਜਕੋਟ ਦਾ ਵਸਨੀਕ ਹੈ। ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਅਨੁਸਾਰ, ਬੁੱਧਵਾਰ ਸਵੇਰੇ ਸਿਵਲ ਲਾਈਨਜ਼ ਸਥਿਤ ਮੁੱਖ ਮੰਤਰੀ ਦਫ਼ਤਰ ਵਿੱਚ ਜਨਤਕ ਸੁਣਵਾਈ ਦੌਰਾਨ ਰੇਖਾ ਗੁਪਤਾ 'ਤੇ ਹਮਲਾ ਕੀਤਾ ਗਿਆ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਸੂਤਰਾਂ ਅਨੁਸਾਰ, ਹਮਲਾਵਰ ਨੇ ਪਹਿਲਾਂ ਜਨਤਕ ਸੁਣਵਾਈ ਦੌਰਾਨ ਮੁੱਖ ਮੰਤਰੀ ਨੂੰ ਕੁਝ ਕਾਗਜ਼ਾਤ ਦਿੱਤੇ ਅਤੇ ਫਿਰ ਉਸ ’ਤੇ ਹਮਲਾ ਕਰ ਦਿੱਤਾ।
ਮੁਲਜ਼ਮ ਦੀ ਪਛਾਣ ਰਾਜੇਸ਼ ਸਕਾਰੀਆ (41) ਵਜੋਂ ਹੋਈ ਹੈ, ਜੋ ਰਾਜਕੋਟ ਦੇ ਕੋਠਾਰੀਆ ਰੋਡ ਸਥਿਤ ਗੋਕੁਲ ਪਾਰਕ ਵਿੱਚ ਆਪਣੀ ਪਤਨੀ, ਪੁੱਤਰ ਅਤੇ ਮਾਤਾ-ਪਿਤਾ ਨਾਲ ਰਹਿੰਦਾ ਹੈ। ਰਾਜੇਸ਼ ਦੀ ਗ੍ਰਿਫ਼ਤਾਰੀ ਮਗਰੋਂ ਰਾਜਕੋਟ ਪੁਲੀਸ ਉਸਦੇ ਘਰ ਪਹੁੰਚੀ ਅਤੇ ਉਸਦੀ ਮਾਂ ਭਾਨੂਬੇਨ ਸਕਾਰੀਆ ਤੋਂ ਪੁੱਛਗਿੱਛ ਕੀਤੀ। ਬਾਅਦ ਵਿੱਚ ਭਾਨੂਬੇਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦਾ ਪੁੱਤਰ ਇੱਕ ਆਟੋ-ਰਿਕਸ਼ਾ ਚਾਲਕ ਹੈ ਅਤੇ ਉਸਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ, ‘‘ਉਹ ਪਸ਼ੂ ਪ੍ਰੇਮੀ ਹੈ ਅਤੇ ਦਿੱਲੀ ਦੀਆਂ ਸੜਕਾਂ ਤੋਂ ਸਾਰੇ ਆਵਾਰਾ ਕੁੱਤਿਆਂ ਨੂੰ ਸ਼ੈਲਟਰਾਂ ਵਿੱਚ ਭੇਜਣ ਦੇ ਸੁਪਰੀਮ ਕੋਰਟ ਦੇ ਹਾਲ ਹੀ ਦੇ ਹੁਕਮ ਤੋਂ ਬਹੁਤ ਦੁਖੀ ਸੀ। ਕੁਝ ਦਿਨ ਪਹਿਲਾਂ ਉਹ ਹਰਿਦੁਆਰ ਗਿਆ ਅਤੇ ਫਿਰ ਸਾਨੂੰ ਫ਼ੋਨ 'ਤੇ ਦੱਸਿਆ ਕਿ ਉਹ ਦਿੱਲੀ ਵਿੱਚ ਕੁੱਤਿਆਂ ਦੇ ਸਮਰਥਨ ਵਿੱਚ ਇੱਕ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਜਾ ਰਿਹਾ ਹੈ," ਭਾਨੂਬੇਨ ਨੇ ਕਿਹਾ, ‘‘ਉਸਨੇ ਸਾਨੂੰ ਫ਼ੋਨ 'ਤੇ ਇਸ ਤੋਂ ਵੱਧ ਕੁਝ ਨਹੀਂ ਦੱਸਿਆ।’’