ਨੋਇਡਾ ਕਤਲ ਕਾਂਡ: ਦੋਸ਼ੀ ਦੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਦੌਰਾਨ ਲੱਤ ਵਿੱਚ ਲੱਗੀ ਗੋਲੀ: ਪੁਲੀਸ
ਕੌਮੀ ਰਾਜਧਾਨੀ ਖੇਤਰ ਗ੍ਰੇਟਰ ਨੋਇਡਾ ਵਿਚ ਇਕ ਮਹਿਲਾ ਨਾਲ ਉਸ ਦੇ ਸਹੁਰੇ ਪਰਿਵਾਰ ਨੇ ਕਥਿਤ ਕੁੱਟਮਾਰ ਕੀਤੀ, ਉਸ ਨੂੰ ਵਾਲਾਂ ਨਾਲ ਘਸੀਟਿਆ ਤੇ ਉਹਦੀ ਭੈਣ ਤੇ ਪੁੱਤ ਸਾਹਮਣੇ ਅੱਗ ਲਾ ਦਿੱਤੀ। ਪੁਲੀਸ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਮੁਲਜ਼ਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ
ਪੁਲੀਸ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਵਿੱਚ 36 ਲੱਖ ਰੁਪਏ ਦੀ ਦਾਜ ਦੀ ਮੰਗ ਨੂੰ ਲੈ ਕੇ ਆਪਣੀ ਪਤਨੀ ਨੂੰ ਅੱਗ ਲਗਾਉਣ ਦੇ ਦੋਸ਼ੀ ਦੇ ਹਿਰਾਸਤ ਵਿੱਚੋਂ ਭੱਜਣ ਦੌਰਾਨ ਲੱਤ ਵਿੱਚ ਗੋਲੀ ਲੱਗੀ।
ਗੌਤਮ ਬੁੱਧ ਨਗਰ ਪੁਲਿਸ ਦੇ ਪੀ.ਆਰ.ਓ. ਦੇ ਅਨੁਸਾਰ ਵਿਪਿਨ ਭਾਟੀ ਨੂੰ ਦੁਪਹਿਰ 1.30 ਵਜੇ ਦੇ ਕਰੀਬ ਨਿਯਮਤ ਡਾਕਟਰੀ ਜਾਂਚ ਲਈ ਲਿਜਾਇਆ ਜਾ ਰਿਹਾ ਸੀ ਜਦੋਂ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸਦਾ ਪਿੱਛਾ ਕੀਤਾ ਗਿਆ ਅਤੇ ਲੱਤ ਵਿੱਚ ਗੋਲੀ ਲੱਗਣ ਤੋਂ ਬਾਅਦ ਉਸਨੂੰ ਫੜ ਲਿਆ ਗਿਆ।
ਪੀੜਤ ਮਹਿਲਾ ਦੇ ਛੇ ਸਾਲਾ ਬੇਟੇ ਨੇ ਕਿਹਾ, ‘‘ਮੇਰੀ ਮੰਮੀ ਉਪਰ ਕੁਝ ਪਾਇਆ, ਫਿਰ ਉਨ੍ਹਾਂ ਨੂੰ ਥੱਪੜ ਮਾਰਿਆ ਤੇ ਲਾਈਟਰ ਨਾਲ ਅੱਗ ਲਾ ਦਿੱਤੀ।’’ ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾਂਦੀ ਹੈ।
ਇਸ ਭਿਆਨਕ ਘਟਨਾ ਦੇ ਦੋ ਵੀਡੀਓ ਇੰਟਰਨੈੱਟ ’ਤੇ ਵਾਇਰਲ ਹੋ ਰਹੇ ਹਨ। ਇੱਕ ਵੀਡੀਓ ਵਿੱਚ, ਇੱਕ ਆਦਮੀ ਅਤੇ ਇੱਕ ਔਰਤ ਪੀੜਤਾ ਨਾਲ ਕੁੱਟਮਾਰ ਕਰਦੇ ਅਤੇ ਉਸ ਨੂੰ ਵਾਲਾਂ ਤੋਂ ਫੜ ਕੇ ਘਰ ਤੋਂ ਬਾਹਰ ਖਿੱਚਦੇ ਦਿਖਾਈ ਦੇ ਰਹੇ ਹਨ। ਦੂਜੇ ਵੀਡੀਓ ਵਿੱਚ, ਔਰਤ ਨੂੰ ਅੱਗ ਲਗਾਉਣ ਤੋਂ ਬਾਅਦ ਪੌੜੀਆਂ ਤੋਂ ਲੰਗੜਾ ਕੇ ਹੇਠਾਂ ਉਤਰਦੇ ਦੇਖਿਆ ਜਾ ਸਕਦਾ ਹੈ। ਪੁਲੀਸ ਨੇ ਦੱਸਿਆ ਕਿ ਪੀੜਤਾ ਦੀ ਵੱਡੀ ਭੈਣ ਕੰਚਨ, ਜਿਸ ਦਾ ਵਿਆਹ ਇੱਕੋ ਪਰਿਵਾਰ ਵਿੱਚ ਹੋਇਆ ਸੀ, ਨੇ ਗ੍ਰੇਟਰ ਨੋਇਡਾ ਦੇ ਕਾਸਨਾ ਪੁਲੀਸ ਸਟੇਸ਼ਨ ਅਧੀਨ ਪੈਂਦੇ ਸਿਰਸਾ ਪਿੰਡ ਵਿੱਚ ਵਾਪਰੀ ਘਟਨਾ ਦਾ ਵੀਡੀਓ ਬਣਾਇਆ ਸੀ। ਪੁਲੀਸ ਨੇ ਦੱਸਿਆ ਕਿ ਪੀੜਤਾ ਦੀ ਪਛਾਣ ਨਿੱਕੀ ਵਜੋਂ ਹੋਈ ਹੈ।
ਕੰਚਨ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਸ ਦੀ ਛੋਟੀ ਭੈਣ ਨੂੰ ਉਸ ਦੇ ਪਤੀ ਵਿਪਿਨ ਅਤੇ ਸਹੁਰਿਆਂ ਨੇ 36 ਲੱਖ ਰੁਪਏ ਦੀ ਦਾਜ ਦੀ ਮੰਗ ਪੂਰੀ ਨਾ ਕਰਨ ’ਤੇ ਮਾਰ ਦਿੱਤਾ। ਵਿਪਿਨ ਦੀ ਭਰਜਾਈ ਕੰਚਨ ਨੇ ਦਾਅਵਾ ਕੀਤਾ ਕਿ ਵੀਰਵਾਰ ਰਾਤ ਨੂੰ ਉਸ ਨੂੰ (ਨਿੱਕੀ) ਬੇਰਹਿਮੀ ਨਾਲ ਕੁੱਟਿਆ ਗਿਆ ਅਤੇ ਅੱਗ ਲਗਾ ਦਿੱਤੀ ਗਈ। ਉਸ ਨੇ ਕਿਹਾ, ‘‘ਪਿਛਲੇ ਕਈ ਦਿਨਾਂ ਤੋਂ ਸਾਨੂੰ ਦਾਜ ਲਈ ਕੁੱਟਿਆ ਅਤੇ ਤਸੀਹੇ ਦਿੱਤੇ ਜਾ ਰਹੇ ਸਨ। ਉਹ ਦਾਜ ਵਿੱਚ 36 ਲੱਖ ਰੁਪਏ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਮੇਰੀ ਭੈਣ ਨੂੰ ਤਸੀਹੇ ਦਿੱਤੇ।’’
ਕੰਚਨ ਨੇ ਆਪਣੇ ਭਤੀਜੇ ਨੂੰ ਬਾਹਾਂ ਵਿੱਚ ਫੜ ਕੇ ਰੋਂਦੇ ਹੋਏ ਕਿਹਾ, ‘‘ਉਨ੍ਹਾਂ ਨੇ ਉਸ ਦੀ ਗਰਦਨ ਅਤੇ ਸਿਰ ’ਤੇ ਵਾਰ ਕੀਤੇ ਅਤੇ ਉਸ ’ਤੇ ਤੇਜ਼ਾਬ ਸੁੱਟ ਦਿੱਤਾ। ਸਾਡੇ ਬੱਚੇ ਵੀ ਘਰ ਵਿੱਚ ਸਨ। ਮੈਂ ਕੁਝ ਨਹੀਂ ਕਰ ਸਕਦੀ ਸੀ। ਉਨ੍ਹਾਂ ਨੇ ਮੈਨੂੰ ਵੀ ਤਸੀਹੇ ਦਿੱਤੇ।’’
ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲੀਸ (ਏਡੀਸੀਪੀ) ਗ੍ਰੇਟਰ ਨੋਇਡਾ ਸੁਧੀਰ ਕੁਮਾਰ ਨੇ ਕਿਹਾ, ‘‘21 ਅਗਸਤ ਨੂੰ, ਸਾਨੂੰ ਫੋਰਟਿਸ ਹਸਪਤਾਲ ਤੋਂ ਇੱਕ ਫੋਨ ਆਇਆ ਜਿਸ ਵਿੱਚ ਸਾਨੂੰ ਦੱਸਿਆ ਗਿਆ ਕਿ ਇੱਕ ਸੜੀ ਹੋਈ ਔਰਤ ਨੂੰ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਨੂੰ ਸਫਦਰਜੰਗ ਹਸਪਤਾਲ ਰੈਫਰ ਕੀਤਾ ਗਿਆ ਹੈ। ਪੁਲੀਸ ਤੁਰੰਤ ਸਫਦਰਜੰਗ ਹਸਪਤਾਲ ਲਈ ਰਵਾਨਾ ਹੋਈ, ਪਰ ਟੀਮ ਦੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਔਰਤ ਦੀ ਮੌਤ ਹੋ ਗਈ।’’ ਕੰਚਨ ਨੇ ਕਿਹਾ ਕਿ ਉਸ ਦੇ ਸਹੁਰੇ ਚਾਹੁੰਦੇ ਸਨ ਕਿ ਉਸ ਦੀ ਭੈਣ ਘਰੋਂ ਚਲੀ ਜਾਵੇ ਤਾਂ ਜੋ ਵਿਪਿਨ ਮੁੜ ਵਿਆਹ ਕਰ ਸਕੇ।
ਉਸ ਨੇ ਕਿਹਾ, ‘‘ਉਨ੍ਹਾਂ ਨੇ ਮੈਨੂੰ ਥੱਪੜ ਮਾਰਿਆ। ਮੈਂ ਜ਼ਖਮੀ ਹੋ ਗਈ... ਮੈਂ ਪੂਰਾ ਦਿਨ ਬੇਹੋਸ਼ ਰਹੀ।’’ ਕੁਮਾਰ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਰਿਵਾਰ ਨੇ ਔਰਤ ਦਾ ਸਸਕਾਰ ਕਰ ਦਿੱਤਾ। ਪੀੜਤਾ ਦੀ ਭੈਣ ਦੀ ਸ਼ਿਕਾਇਤ ਦੇ ਆਧਾਰ ’ਤੇ ਪੀੜਤਾ ਦੇ ਪਤੀ ਅਤੇ ਉਸ ਦੇ ਪਰਿਵਾਰ ਵਿਰੁੱਧ ਕਾਸਨਾ ਪੁਲੀਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।’’ ਅਧਿਕਾਰੀ ਨੇ ਕਿਹਾ, ‘‘ਵਿਪਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਜੇ ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।’’ ਨਿੱਕੀ ਤੇ ਵਿਪਿਨ ਦਾ ਵਿਆਹ 2016 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਪੁੱਤਰ ਹੈ