ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਸੰਗੀਤਕ ਸਮਾਗਮ
ਕੁਲਦੀਪ ਸਿੰਘ
ਨਵੀਂ ਦਿੱਲੀ, 22 ਅਗਸਤ
ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਸਦਨ ਦੇ ਕਾਨਫ਼ਰੰਸ ਹਾਲ ’ਚ ਸਾਵਣ ’ਤੇ ਸੰਗੀਤਕ ਸਮਾਗਮ ਕਰਾਇਆ ਗਿਆ, ਜਿਸ ਵਿਚ ਪ੍ਰੋ. ਮਦਨ ਗੋਪਾਲ ਸਿੰਘ ਅਤੇ ਪਵਨ ਸਰਵਰ ਨੇ ਆਪਣੀ ਬਿਹਤਰੀਨ ਸੰਗੀਤਕ ਪੇਸ਼ਕਾਰੀ ਦਿੱਤੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਜੇਐਨਯੂ ਤੋਂ ਪ੍ਰੋ. ਮ੍ਰਿਦੁਲਾ ਮੁਖ਼ਰਜੀ ਨੇ ਕੀਤੀ ਅਤੇ ਸਦਨ ਦੇ ਮੀਤ ਪ੍ਰਧਾਨ ਹਰਚਰਨ ਸਿੰਘ ਨਾਗ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੇ ਸਾਹਿਤਕ ਸੱਭਿਆਚਾਰਕ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਵੀ ਭਾਈ ਵੀਰ ਸਿੰਘ ਦੀ ਸਾਹਿਤਕ ਦੇਣ ਦਾ ਜ਼ਿਕਰ ਕੀਤਾ। ਇਸ ਉਪਰੰਤ ਤਰਨਜੀਤ ਕੌਰ ਅਤੇ ਤਮਨਪ੍ਰੀਤ ਕੌਰ ਨੇ ‘ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ’ ਸ਼ਬਦ ਗਾਇਨ ਰਾਹੀਂ ਸੰਗੀਤਕ ਪ੍ਰੋਗਰਾਮ ਦੀ ਆਰੰਭਤਾ ਕੀਤੀ। ਪ੍ਰੋ. ਮਦਨ ਗੋਪਾਲ ਸਿੰਘ ਨੇ ਆਪਣੀ ਉਮਦਾ ਗਾਇਕੀ ਰਾਹੀਂ ਸਾਵਣ ਦੀ ਸੁੰਦਰ ਪੇਸ਼ਕਾਰੀ ਕੀਤੀ। ਅਖੀਰ ’ਚ ਗੁਰੁੂ ਨਾਨਕ ਸਾਹਿਬ ਦੀ ਉਚਾਰਣ ਕੀਤੀ ਆਰਤੀ, ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ’ ਦੇ ਗਾਇਨ ਰਾਹੀਂ ਸਮਾਂ ਬੰਨ੍ਹ ਦਿੱਤਾ। ਇਸ ਮੌਕੇ ਨੌਜਵਾਨ ਸਕੂਲ ਮਾਸਟਰ ਤੇ ਗਾਇਕ ਪਵਨ ਸਰਵਰ ਨੇ ਸਾਉਣ ਦਾ ‘‘ਮਹੀਨਾ ਯਾਰੋ’’, ‘‘ਅੰਬਰਾਂ ’ਚ ਵਾਲ ਝਾੜਦੀ ਕੋਈ ਹਸੀਨਾ’’, ‘‘ਕਿਤਾਬਾਂ ਵਰਗਿਆਂ ਲੋਕਾਂ ਨੂੰ’’ ਆਦਿ ਗੀਤਾਂ ਰਾਹੀਂ ਸੁਰੀਲੀ ਪੇਸ਼ਕਾਰੀ ਕੀਤੀ। ਉਪਰੰਤ ਸ੍ਰੀ ਨਾਗ ਅਤੇ ਪ੍ਰੋ. ਮ੍ਰਿਦੁਲਾ ਮੁਖ਼ਰਜੀ ਨੇ ਦੋਵੇਂ ਗਾਇਕਾਂ ਦੀ ਪੇਸ਼ਕਾਰੀ ਸ਼ਲਾਘਾ ਕੀਤੀ। ਉਨ੍ਹਾਂ ਅੱਗੇ ਕਿਹਾ ਅੱਜ ਲੋੜ ਹੈ ਆਪਣੇ ਸੱਭਿਆਚਾਰ ਅਤੇ ਇਸ ਦੇਸ਼ ਦੇ ਬਹੁ-ਭਾਸ਼ਾਈ ਚਰਿੱਤਰ ਨੂੰ ਕਾਇਮ ਰੱਖਣ ਲਈ ਸੁਚੇਤ ਹੋਈਏ ਤਾਂ ਜੋ ਵਿਰਾਸਤ ਕਾਇਮ ਰਹੇ। ਅਖੀਰ ’ਚ ਡਾ. ਮਹਿੰਦਰ ਸਿੰਘ ਨੇ ਆਏ ਸਭ ਵਿਸ਼ੇਸ਼ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਸਾਵਣ ਦੇ ਵਿਅੰਜਨਾਂ ਦਾ ਅਨੰਦ ਮਾਣਿਆ। ਆਰ.ਐਸ. ਬਜਾਜ, ਡਾ. ਜਸਵਿੰਦਰ ਸਿੰਘ, ਸਰ ਗੰਗਾ ਰਾਮ ਦੀ ਪੜਦੋਹਤ੍ਰੀ ਪਾਰੁਲ ਦੱਤਾ, ਹਰਚਰਨ ਸਿੰਘ ਨਾਗ ਹੁਰਾਂ ਦੀ ਸੁਪਤਨੀ ਮਨਜੀਤ ਕੌਰ, ਡੀ.ਜੀ. ਝਾਅ, ਗੁਰਭੇਜ ਸਿੰਘ ਗੁਰਾਇਆ, ਗ ੁਰੁ ਗ੍ਰੰਥ ਸਾਹਿਬ ਵਿੱਦਿਆ ਕੇਂਦਰ ਦੇ ਵਿਦਿਆਰਥੀਆਂ ਸਮੇਤ ਪੰਜਾਬੀ ਵਿਭਾਗ ਤੇ ਵੱਖ-ਵੱਖ ਕਾਲਜਾਂ ਦੇ ਪ੍ਰੋਫ਼ੈਸਰ ਸਾਹਿਬਾਨ ਅਤੇ ਵਿਦਿਆਰਥੀਆਂ ਨੇ ਵੀ ਇਸ ਪ੍ਰੋਗਰਾਮ ’ਚ ਨਿੱਘੀ ਹਾਜ਼ਰੀ ਭਰੀ।