ਦਿੱਲੀ ਪੁਲੀਸ ਨੇ ਮੰਗਲਵਾਰ ਨੂੰ ਕਿਹਾ ਕਿ ਇੱਕ 47 ਸਾਲਾ ਪੇਂਟਰ ਨੂੰ ਉਸ ਦੇ ਸਾਥੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੇਂਟਰ ’ਤੇ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਦੋਸ਼ ਹੈ। ਪੇਂਟਰ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਧੋਖੇ ਦੇ ਸ਼ੱਕ ਹੇਠ ਆਪਣੀ ਪਤਨੀ ਦੀ ਹੱਤਿਆ ਕਰ ਕੇ ਉਸ ਦੀ ਲਾਸ਼ ਨੂੰ ਕਬਰਿਸਤਾਨ ਵਿੱਚ ਦਫ਼ਨਾ ਦਿੱਤਾ ਹੈ। ਜਾਂਚ ਦੌਰਾਨ 11 ਦਿਨਾਂ ਬਾਅਦ ਔਰਤ ਦੀ ਲਾਸ਼ ਨੂੰ ਕਬਰ ਵਿੱਚੋਂ ਬਾਹਰ ਕੱਢਿਆ ਗਿਆ। ਮ੍ਰਿਤਕਾ ਦੇ ਪਿੱਛੇ ਉਸ ਦੀ 11 ਸਾਲ ਦੀ ਧੀ ਅਤੇ ਪੰਜ ਸਾਲ ਦਾ ਪੁੱਤਰ ਹੈ। ਕਥਿਤ ਦੋਸ਼ੀਆਂ ਦੀ ਪਛਾਣ ਸ਼ਬਾਬ ਅਲੀ, ਤਨਵੀਰ ਖਾਨ (25), ਦੋਵੇਂ ਉੱਤਰ ਪ੍ਰਦੇਸ਼ ਦੇ ਅਮਰੋਹਾ ਜ਼ਿਲ੍ਹੇ ਦੇ ਵਸਨੀਕ ਅਤੇ ਸ਼ਾਹਰੁਖ ਖਾਨ (28), ਚੰਦਨਹੋਲਾ (ਦਿੱਲੀ) ਦੇ ਨਿਵਾਸੀ ਵਜੋਂ ਹੋਈ ਹੈ। ਇਸਲਾਮ ਕਲੋਨੀ ਮਹਿਰੌਲੀ ਦੀ ਰਹਿਣ ਵਾਲੀ 30 ਸਾਲਾ ਔਰਤ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਸ ਅਗਸਤ ਨੂੰ ਮਹਿਰੌਲੀ ਪੁਲੀਸ ਸਟੇਸ਼ਨ ਵਿੱਚ ਉਸ ਦੀ ਮਹਿਲਾ ਦੋਸਤ ਵੱਲੋਂ ਦਰਜ ਕਰਵਾਈ ਗਈ ਸੀ। ਜਾਂਚ ਦੌਰਾਨ ਤਕਨੀਕੀ ਨਿਗਰਾਨੀ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਪੀੜਤਾ ਦੇ ਪਤੀ ਸ਼ਬਾਬ ਅਲੀ ਨੂੰ ਉਸ ਦੇ ਸਾਥੀਆਂ ਨਾਲ ਉਸ ਨੂੰ ਇੱਕ ਕਾਰ ਵਿੱਚ ਲਿਜਾਂਦੇ ਹੋਏ ਦੇਖਿਆ ਗਿਆ ਸੀ ਜਦੋਂ ਕਿ ਉਹ ਬੇਹੋਸ਼ ਦਿਖਾਈ ਦੇ ਰਹੀ ਸੀ। ਪੁਲੀਸ ਵੱਲੋਂ ਲਗਾਤਾਰ ਪੁੱਛਗਿੱਛ ਕਰਨ ’ਤੇ ਅਲੀ ਨੇ ਅਪਰਾਧ ਕਬੂਲ ਕੀਤਾ।
ਡਿਪਟੀ ਕਮਿਸ਼ਨਰ ਅੰਕਿਤ ਚੌਹਾਨ ਦੇ ਅਨੁਸਾਰ ਅਲੀ ਨੇ ਮੰਨਿਆ ਕਿ ਉਸ ਨੇ 2 ਅਗਸਤ ਨੂੰ ਆਪਣੀ ਪਤਨੀ ਨੂੰ ਬੇਵਫ਼ਾਈ ਦਾ ਸ਼ੱਕ ਕਰਦੇ ਹੋਏ ਮਾਰਨ ਲਈ ਨੀਂਦ ਦੀਆਂ ਗੋਲੀਆਂ ਅਤੇ ਇੱਕ ਜ਼ਹਿਰੀਲੀ ਦਵਾਈ ਦਿੱਤੀ। ਫਿਰ ਆਪਣੇ ਸਾਥੀਆਂ ਦੀ ਮਦਦ ਨਾਲ ਉਸ ਨੇ ਦੋ ਅਤੇ ਤਿੰਨ ਅਗਸਤ ਦੀ ਰਾਤ ਨੂੰ ਉਸ ਦੀ ਲਾਸ਼ ਨੂੰ ਚੰਦਨਹੋਲਾ ਦੇ ਇੱਕ ਕਬਰਸਤਾਨ ਵਿੱਚ ਦਫ਼ਨਾ ਦਿੱਤਾ। ਤਿੰਨੋਂ ਮੁਲਜ਼ਮ, ਅਲੀ, ਤਨਵੀਰ ਖ਼ਾਨ ਅਤੇ ਸ਼ਾਹਰੁਖ਼ ਖ਼ਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।