ਉੱਤਰੀ ਦਿੱਲੀ ਦੇ ਬੁਰਾੜੀ ਪੁਲੀਸ ਥਾਣਾ ਇਲਾਕੇ ਵਿੱਚ ਕੁਝ ਵਿਅਕਤੀਆਂ ਦੇ ਸਮੂਹ ਨੇ ਇੱਕ ਵਿਅਕਤੀ ’ਤੇ ਕਥਿਤ ਹਮਲਾ ਕਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਹਵੀ ਰਹਿਮਾਨ ਵਜੋਂ ਹੋਈ ਹੈ ਜੋ ਬੁਰਾੜੀ ਦੇ ਸੰਤ ਨਗਰ ਦਾ ਰਹਿਣ ਵਾਲਾ ਹੈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁੱਢਲੀ ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਰਹਿਮਾਨ ਨੂੰ ਉਸ ਦੇ ਦੋਸਤ, ਗਾਜ਼ੀਪੁਰ ਦੇ ਰਹਿਣ ਵਾਲੇ ਰਿੰਕਾ ਡੇਢਾ ਨੇ ਗੁਜਰਾਂਵਾਲਾ ਸ਼ਹਿਰ ਦੇ ਇੱਕ ਰੈਸਟੋਰੈਂਟ ਵਿੱਚ ਪਾਰਟੀ ਲਈ ਬੁਲਾਇਆ ਸੀ। ਰਿੰਕਾ ਡੇਢਾ ਨਾਲ ਉਸ ਦਾ ਚਚੇਰਾ ਭਰਾ ਹਰਸ਼ ਡੇਢਾ ਅਤੇ ਬਾਅਦ ਵਿੱਚ ਦੋਸਤ ਅਮਨ ਅਤੇ ਵਿੱਕੀ ਵੀ ਸ਼ਾਮਲ ਹੋਏ। ਪੁਲੀਸ ਨੇ ਦੱਸਿਆ ਕਿ ਇੱਕ ਹੋਰ ਜਾਣਕਾਰ, ਬੁਰਾੜੀ ਦਾ ਰਹਿਣ ਵਾਲਾ ਅਨਿਲ ਵੀ ਇਸ ਗੁੱਟ ਵਿੱਚ ਸ਼ਾਮਲ ਹੋਇਆ। ਉੱਥੋਂ ਲੋਕ ਦੱਖਣੀ ਰੋਹਿਣੀ ਪੁਲੀਸ ਸਟੇਸ਼ਨ ਦੀ ਹੱਦ ਅਧੀਨ ਮੰਗੋਲਪੁਰੀ ਦੇ ਇੱਕ ਰੈਸਟੋਰੈਂਟ ਵਿੱਚ ਗਏ ਅਤੇ ਸ਼ਰਾਬ ਪੀਤੀ। ਇਸ ਦੌਰਾਨ ਝਗੜਾ ਹੋਇਆ ਜਿਸ ਦੌਰਾਨ ਰਹਿਮਾਨ ਨੇ ਕਥਿਤ ਤੌਰ ’ਤੇ ਰਿੰਕਾ ਡੇਢਾ ਦੇ ਸਿਰ ’ਤੇ ਬੀਅਰ ਦੀ ਬੋਤਲ ਨਾਲ ਵਾਰ ਕੀਤਾ। ਬਦਲੇ ਵਿੱਚ, ਰਿੰਕਾ ਡੇਢਾ ਅਤੇ ਹਰਸ਼ ਡੇਢਾ ਨੇ ਕਥਿਤ ਤੌਰ ’ਤੇ ਉਸ ਨੂੰ ਕੁੱਟਿਆ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਫਿਰ ਉਹ ਰਹਿਮਾਨ ਨੂੰ ਪੂਰਬੀ ਦਿੱਲੀ ਦੇ ਗਾਜ਼ੀਪੁਰ ਵਿੱਚ ਰਿੰਕਾ ਡੇਢਾ ਦੇ ਡੇਅਰੀ ਫਾਰਮ ਲੈ ਗਏ, ਜਿੱਥੇ ਉਸ ਨੂੰ ਡੰਡਿਆਂ ਅਤੇ ਰਾਡਾਂ ਨਾਲ ਕੁੱਟਿਆ ਗਿਆ। ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਨੂੰ ਯਮੁਨਾ ਨਦੀ ਵਿੱਚ ਸੁੱਟਣ ਦੀ ਯੋਜਨਾ ਬਣਾਈ ਸੀ। ਫ਼ਿਲਹਾਲ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
+
Advertisement
Advertisement
Advertisement
×