ਕਤਲ ਮਾਮਲਾ: ਵਿਦਿਆਰਥੀਆਂ ਵੱਲੋਂ ਉੜੀਸਾ ਭਵਨ ਅੱਗੇ ਪ੍ਰਦਰਸ਼ਨ
ਮਨਧੀਰ ਸਿੰਘ ਦਿਓਲ
ਇੱਥੇ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਨੇ ਅੱਜ ਦਿੱਲੀ ਦੇ ਓੜੀਸਾ ਭਵਨ ਵਿੱਚ ਬਾਲਾਸੌਰ, ਉੜੀਸਾ ਦੇ ਫਕੀਰ ਮੋਹਨ (ਆਟੋਨੋਮਸ) ਕਾਲਜ ਵਿੱਚ ਬੀਐੱਡ ਦੀ ਪੜ੍ਹਾਈ ਕਰ ਰਹੀ 20 ਸਾਲਾ ਵਿਦਿਆਰਥਣ ਦੇ ਕਥਿਤ ਕਤਲ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ। ਇਸ ਮੌਕੇ ਦਿੱਲੀ ਪੁਲੀਸ ਨੇ ਸਾਰੇ ਪ੍ਰਦਰਸ਼ਨਕਾਰੀਆਂ ਅਤੇ ਵਿਦਿਆਰਥੀਆਂ ਨੂੰ ਜ਼ਬਰਦਸਤੀ ਗ੍ਰਿਫ਼ਤਾਰ ਕਰ ਲਿਆ। ਪ੍ਰਦਰਸ਼ਨ ਵਿੱਚ ਆਇਸ਼ਾ, ਕ੍ਰਾਂਤੀਕਾਰੀ ਯੁਵਾ ਸੰਗਠਨ ਐੱਸਐੱਫਆਈ, ਐੱਨਐੱਸਯੂਆਈ ਅਤੇ ਹੋਰ ਵਿਦਿਆਰਥੀ ਯੂਨੀਅਨਾਂ ਸ਼ਾਮਲ ਹੋਈਆਂ।
ਯੂਨੀਅਨ ਆਗੂਆਂ ਨੇ ਕਥਿਤ ਦੋਸ਼ ਲਾਇਆ ਕਿ ਵਿਦਿਆਰਥਣ ਨੇ ਵਿਭਾਗ ਮੁਖੀ ਪ੍ਰੋਫੈਸਰ ਸਮੀਰ ਕੁਮਾਰ ਸਾਹੂ ਵਿਰੁੱਧ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਕਾਲਜ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਨਸਾਫ਼ ਲਈ ਲਗਾਤਾਰ ਅਪੀਲ ਕੀਤੀ ਸੀ, ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਨੇ ਕਾਲਜ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਆਪਣੇ ਆਪ ਨੂੰ ਅੱਗ ਲਗਾ ਲਈ। ਮਗਰੋਂ ਉਸ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਸ ਦੀ ਨਾਜ਼ੁਕ ਹਾਲਤ ਦੇ ਬਾਵਜੂਦ, ਉਸ ਨੂੰ ਹਸਪਤਾਲ ਲਿਜਾਣ ਵਿੱਚ 4-5 ਘੰਟੇ ਦੀ ਦੇਰੀ ਹੋਈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਵਿਦਿਆਰਥਣ ਨੇ ਪਹਿਲਾਂ 30 ਜੂਨ ਨੂੰ ਕਾਲਜ ਪ੍ਰਿੰਸੀਪਲ ਨੂੰ ਇਸ ਮੁੱਦੇ ਬਾਰੇ ਸ਼ਿਕਾਇਤ ਕੀਤੀ, ਅਤੇ ਫਿਰ 1 ਜੁਲਾਈ ਨੂੰ ਪੁਲੀਸ ਕੋਲ ਪਹੁੰਚ ਕੀਤੀ ਪਰ ਉਸ ਦੀ ਸ਼ਿਕਾਇਤ ‘ਤੇ ਐੱਫਆਈਆਰ ਦਰਜ ਕਰਨ ਦੀ ਥਾਂ ਪੁਲੀਸ ਨੇ ਇਸ ਨੂੰ ਸਿਰਫ ਜਨਰਲ ਡਾਇਰੀ ਵਿੱਚ ਦਰਜ ਕੀਤਾ। ਵਿਦਿਆਰਥਣ ਨੇ ਕਾਲਜ ਦੀ ਅੰਦਰੂਨੀ ਸ਼ਿਕਾਇਤ ਕਮੇਟੀ (ਆਈਸੀਸੀ) ਕੋਲ ਵੀ ਪਹੁੰਚ ਕੀਤੀ ਅਤੇ ਵਿਭਾਗ ਮੁਖੀ (ਐੱਚਓਡੀ) ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ, ਪਰ ਕੋਈ ਕਾਰਵਾਈ ਨਹੀਂ ਹੋਈ। ਮੌਤ ਮਗਰੋਂ ਵੀ ਪ੍ਰੋਫੈਸਰ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ। ਪ੍ਰਦਰਸ਼ਨਕਾਰੀਆਂ ਜਦੋਂ ਅੱਗੇ ਵਧਣ ਲੱਗੇ ਤਾਂ ਦਿੱਲੀ ਪੁਲੀਸ ਨੇ ਰਾਹ ਵਿੱਚ ਹੀ ਉਨ੍ਹਾਂ ਨੂੰ ਰੋਕ ਲਿਆ ਅਤੇ ਬੱਸ ਵਿੱਚ ਭਰ ਕੇ ਨੇੜੇ ਦੇ ਥਾਣੇ ਲੈ ਗਈ। ਪ੍ਰਦਰਸ਼ਨਕਾਰੀਆਂ ਨੇ ਵਿਦਿਆਰਥਣ ਦੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਸਬੰਧਤ ਪ੍ਰੋਫੈਸਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।