ਮੀਂਹ ਦੌਰਾਨ ਮੱਛਰਾਂ ਕਾਰਨ ਹੋਣ ਵਾਲੀਆਂ ਬਿਮਾਰੀਆਂ ਵਧੀਆਂ
ਕੌਮੀ ਰਾਜਧਾਨੀ ਵਿੱਚ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਖਾਸ ਕਰ ਕੇ ਮਲੇਰੀਆ ਤੇ ਚਿਕਨਗੁਨੀਆ ਦੇ ਮਾਮਲਿਆਂ ’ਚ ਭਾਰੀ ਵਾਧਾ ਹੋਇਆ ਹੈ। ਮੱਛਰਾਂ ਨਾਲ ਫੈਲੀਆਂ ਬਿਮਾਰੀਆਂ ਦੇ ਮਾਮਲੇ ਪਿਛਲੇ 5-10 ਮਹੀਨਿਆਂ ਵਿੱਚ ਸਭ ਤੋਂ ਵੱਧ ਹਨ। ਨਾਗਰਿਕ ਸੰਸਥਾ ਦੇ ਅੰਕੜਿਆਂ ਦੀਆਂ ਰਿਪੋਰਟਾਂ ਅਨੁਸਾਰ ਇਸ ਸਾਲ ਜਨਵਰੀ ਤੋਂ ਅਕਤੂਬਰ ਦੇ ਵਿਚਕਾਰ 431 ਮਲੇਰੀਆ ਦੇ ਮਾਮਲੇ ਅਤੇ 75 ਚਿਕਨਗੁਨੀਆ ਦੇ ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ ਦਿੱਲੀ ਦੇ ਐੱਮ ਸੀ ਡੀ ਵੱਲੋਂ ਚੱਲ ਰਹੇ ਸਟਾਫ਼ ਦੇ ਵਿਰੋਧ ਦੇ ਵਿਚਕਾਰ ਇੱਕ ਚਿੰਤਾਜਨਕ ਰੁਝਾਨ ਹੈ। ਇੱਕ ਹਫ਼ਤਾ ਪਹਿਲਾਂ ਮਲੇਰੀਆ ਦੇ 60 ਨਵੇਂ ਮਾਮਲੇ ਅਤੇ ਚਿਕਨਗੁਨੀਆ ਦੇ 14 ਤਾਜ਼ਾ ਮਾਮਲੇ ਸਾਹਮਣੇ ਆਏ ਸਨ। ਡੇਂਗੂ ਵੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ 81 ਨਵੇਂ ਮਾਮਲੇ ਸਾਹਮਣੇ ਆਏ ਹਨ। ਜਨਵਰੀ ਤੋਂ ਲੈ ਕੇ ਹੁਣ ਤੱਕ ਡੇਂਗੂ ਦੇ ਮਾਮਲੇ ਵੱਧ ਕੇ 840 ਹੋ ਗਏ ਹਨ। ਦਿੱਲੀ ਛਾਉਣੀ ਵਿੱਚ ਸਭ ਤੋਂ ਵੱਧ 94 ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਕੇਂਦਰੀ ਜ਼ੋਨ ਵਿੱਚ 89 ਮਾਮਲੇ ਸਾਹਮਣੇ ਆਏ, ਜਿਵੇਂ ਕਿ ਦਿੱਲੀ ਨਗਰ ਨਿਗਮ ਦੀ ਹਫ਼ਤਾਵਾਰੀ ਰਿਪੋਰਟ ਵਿੱਚ ਦੱਸਿਆ ਗਿਆ ਹੈ। ਪਿਛਲੇ ਹਫ਼ਤੇ ਦੌਰਾਨ 122 ਨਵੇਂ ਡੇਂਗੂ ਮਰੀਜ਼ ਆਏ। ਅੱਜ ਦਿਨ ਵਿੱਚ ਅਤੇ ਸ਼ਾਮ ਨੂੰ ਦਿੱਲੀ ਸਮੇਤ ਐੱਨ ਸੀ ਆਰ ਦੇ ਵੱਖ-ਵੱਖ ਇਲਾਕਿਆਂ ਗੁਰੂਗ੍ਰਾਮ, ਫਰੀਦਾਬਾਦ, ਗਾਜ਼ੀਆਬਾਦ, ਨੋਇਡਾ, ਬੱਲਭਗੜ੍ਹ ਤੇ ਪਲਵਲ ਵਿੱਚ ਮੀਂਹ ਪਿਆ। ਮੀਂਹ ਨਾਲ ਐੱਨ ਸੀ ਆਰ ਦਾ ਤਾਪਮਾਨ ਹੇਠਾਂ ਆ ਗਿਆ ਹੈ ਅਤੇ ਠੰਢ ਇਕਦਮ ਆਉਣ ਕਰ ਕੇ ਲੋਕ ਬਿਮਾਰ ਵੀ ਹੋ ਰਹੇ ਹਨ।