ਸਾਹ ਸਬੰਧੀ ਬਿਮਾਰੀਆਂ ਦੇ ਦੋ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ: ਕੇਂਦਰ
ਸਾਹਨੀ ਨੇ ਸੰਸਦ ਵਿੱਚ ਚੁੱਕਿਆ ਸੀ ਪ੍ਰਦੂਸ਼ਣ ਦਾ ਮੁੱਦਾ
ਦਿੱਲੀ ਦੇ ਪ੍ਰਦੂਸ਼ਣ ਬਾਰੇ ਚਿੰਤਾਜਨਕ ਅੰਕੜੇ ਸਾਹਮਣੇ ਆ ਰਹੇ ਹਨ। ਹੁਣ ਕੇਂਦਰੀ ਸਿਹਤ ਮੰਤਰਾਲੇ ਨੇ ਸੰਸਦ ਵਿੱਚ ਅੰਕੜੇ ਪੇਸ਼ ਕੀਤੇ ਹਨ, ਜੋ ਪ੍ਰਦੂਸ਼ਣ ਅਤੇ ਸਾਹ ਦੀਆਂ ਬਿਮਾਰੀਆਂ ਦਰਮਿਆਨ ਸਬੰਧ ਨੂੰ ਦਰਸਾਉਂਦੇ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਸਿਹਤ ਮੰਤਰੀ ਨੇ ਦੱਸਿਆ ਕਿ 2022 ਅਤੇ 2024 ਦੇ ਵਿਚਕਾਰ ਦਿੱਲੀ ਦੇ ਛੇ ਵੱਡੇ ਕੇਂਦਰੀ ਸਰਕਾਰੀ ਹਸਪਤਾਲਾਂ ਦੇ ਐਮਰਜੈਂਸੀ ਵਿਭਾਗਾਂ ਵਿੱਚ ਸਾਹ ਦੀ ਬਿਮਾਰੀ ਦੇ 2,04,758 ਮਾਮਲੇ ਦਰਜ ਕੀਤੇ ਗਏ ਸਨ। ਇਨ੍ਹਾਂ ਵਿੱਚੋਂ, 15 ਫ਼ੀਸਦ ਜਾਂ 30,420 ਮਰੀਜ਼ਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਸੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪ੍ਰਤਾਪਰਾਓ ਜਾਧਵ ਨੇ ਰਾਜ ਸਭਾ ਦੇ ਨਾਮਜ਼ਦ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਦੇ ਇੱਕ ਸਵਾਲ ਦੇ ਜਵਾਬ ਵਿੱਚ ਸਦਨ ਵਿੱਚ ਇਹ ਅੰਕੜੇ ਪੇਸ਼ ਕੀਤੇ।
ਸ੍ਰੀ ਸਾਹਨੀ ਨੇ ਸਵਾਲ ਕੀਤਾ ਸੀ ਕਿ ਕੀ ਮੰਤਰਾਲੇ ਨੇ ਸ਼ਹਿਰੀ ਖੇਤਰਾਂ ਵਿੱਚ ਵਧ ਰਹੇ ਪ੍ਰਦੂਸ਼ਣ ਅਤੇ ਸਾਹ ਦੀਆਂ ਬਿਮਾਰੀਆਂ ਦਰਮਿਆਨ ਸਬੰਧ ਦਾ ਅਧਿਐਨ ਕੀਤਾ ਹੈ? 2022 ਅਤੇ 2025 ਦੇ ਵਿਚਕਾਰ ਮਹਾਨਗਰਾਂ, ਖਾਸ ਕਰਕੇ ਦਿੱਲੀ ਵਿੱਚ ਦਮਾ, ਸੀਓਪੀਡੀ ਅਤੇ ਫੇਫੜਿਆਂ ਦੀ ਲਾਗ ਦੇ ਮਾਮਲਿਆਂ ਵਿੱਚ ਵਾਧੇ ਅਤੇ ਹਸਪਤਾਲਾਂ ਵਿੱਚ ਦਾਖ਼ਲ ਹੋਣ ਦੀ ਗਿਣਤੀ ਬਾਰੇ ਅੰਕੜੇ ਸੀ। ਸ੍ਰੀ ਸਾਹਨੀ ਮੁਤਾਬਕ ਸਰਕਾਰ ਨੇ ਮੰਨਿਆ ਕਿ ਪ੍ਰਦੂਸ਼ਣ ਸਾਹ ਦੀਆਂ ਬਿਮਾਰੀਆਂ ਨੂੰ ਵਧਾਉਂਦਾ ਹੈ।

