ਪ੍ਰਦੂਸ਼ਣ ਘਟਾਉਣ ਲਈ ਮਸਨੂਈ ਮੀਂਹ ਜ਼ਰੂਰੀ: ਰੇਖਾ ਗੁਪਤਾ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਕਿਹਾ ਕਿ ਕੌਮੀ ਰਾਜਧਾਨੀ ਲਈ ‘ਕਲਾਊਡ ਸੀਡਿੰਗ’ (ਨਕਲੀ ਮੀਂਹ) ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਸਰਦੀਆਂ ਦੇ ਮੌਸਮ ਵਿੱਚ ਵਧਦੇ ਪ੍ਰਦੂਸ਼ਣ ਦੇ ਪੱਧਰ ਨੂੰ ਕੰਟਰੋਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਵੀਰਵਾਰ ਨੂੰ ਕੀਤੇ ਗਏ ਇਸ ਪ੍ਰਾਜੈਕਟ ਦੇ ਸਫਲ ਪਰੀਖਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ, ‘ਕਲਾਊਡ ਸੀਡਿੰਗ ਇੱਕ ਅਜਿਹੀ ਚੀਜ਼ ਹੈ ਜੋ ਪਹਿਲਾਂ ਕਦੇ ਨਹੀਂ ਹੋਈ। ਅਸੀਂ ਸ਼ਹਿਰ ਭਰ ਵਿੱਚ ਇਹ ਪਰੀਖਣ ਕਰਨਾ ਚਾਹੁੰਦੇ ਹਾਂ, ਕਿਉਂਕਿ ਇਹ ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦਾ ਹੈ।’
ਮੁੱਖ ਮੰਤਰੀ ਨੇ ਵੀਰਵਾਰ ਰਾਤ ‘ਐਕਸ’ ’ਤੇ ਦੱਸਿਆ ਸੀ ਕਿ ਇਸ ਪ੍ਰਾਜੈਕਟ ਦਾ ਸਫਲ ਪਰੀਖਣ ਬੁਰਾੜੀ ਖੇਤਰ ਵਿੱਚ ਕੀਤਾ ਗਿਆ। ਉਨ੍ਹਾਂ ਲਿਖਿਆ, ‘ਦਿੱਲੀ ਵਿੱਚ ਪਹਿਲੀ ਵਾਰ ‘ਕਲਾਊਡ ਸੀਡਿੰਗ’ ਰਾਹੀਂ ਨਕਲੀ ਮੀਂਹ ਕਰਵਾਉਣ ਦੀ ਤਿਆਰੀ ਪੂਰੀ ਹੋ ਚੁੱਕੀ ਹੈ, ਜੋ ਰਾਜਧਾਨੀ ਦੀ ਹਵਾ ਪ੍ਰਦੂਸ਼ਣ ਖ਼ਿਲਾਫ਼ ਲੜਾਈ ਵਿੱਚ ਇੱਕ ਮਹੱਤਵਪੂਰਨ ਤਕਨੀਕੀ ਮੀਲ ਦਾ ਪੱਥਰ ਹੈ।’ ਅਧਿਕਾਰੀਆਂ ਨੇ ਦੱਸਿਆ ਕਿ ਪਰੀਖਣ ਦੌਰਾਨ ਨਕਲੀ ਮੀਂਹ ਪੈਦਾ ਕਰਨ ਲਈ ਵਰਤੇ ਜਾਣ ਵਾਲੇ ਰਸਾਇਣਾਂ ਸਿਲਵਰ ਆਇਓਡਾਈਡ ਅਤੇ ਸੋਡੀਅਮ ਕਲੋਰਾਈਡ ਦੀ ਥੋੜ੍ਹੀ ਮਾਤਰਾ ਇੱਕ ਜਹਾਜ਼ ਤੋਂ ਛਿੜਕੀ ਗਈ ਸੀ। ਹਾਲਾਂਕਿ ਉਸ ਸਮੇਂ ਹਵਾ ਵਿੱਚ ਨਮੀ 20 ਫੀਸਦ ਤੋਂ ਵੀ ਘੱਟ ਸੀ, ਜਦਕਿ ਨਕਲੀ ਮੀਂਹ ਲਈ ਆਮ ਤੌਰ ’ਤੇ ਲਗਪਗ 50 ਫੀਸਦ ਨਮੀ ਦੀ ਲੋੜ ਹੁੰਦੀ ਹੈ। ਇਸ ਕਾਰਨ ਖੇਤਰ ਵਿੱਚ ਕੋਈ ਮੀਂਹ ਨਹੀਂ ਪਿਆ, ਪਰ ਤਕਨੀਕੀ ਤੌਰ ’ਤੇ ਇਹ ਪਰੀਖਣ ਸਫਲ ਰਿਹਾ। ਆਈ.ਆਈ.ਟੀ.-ਕਾਨਪੁਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਇਸ ਉਡਾਣ ਨੇ ‘ਕਲਾਊਡ ਸੀਡਿੰਗ’ ਦੀਆਂ ਸਮਰੱਥਾਵਾਂ, ਜਹਾਜ਼ ਦੀ ਤਿਆਰੀ ਅਤੇ ਇਸ ਵਿੱਚ ਸ਼ਾਮਲ ਸਾਰੀਆਂ ਏਜੰਸੀਆਂ ਵਿਚਾਲੇ ਤਾਲਮੇਲ ਦਾ ਮੁਲਾਂਕਣ ਕਰਨ ਲਈ ਇੱਕ ਪ੍ਰਮਾਣੀਕਰਨ ਮੁਹਿੰਮ ਵਜੋਂ ਕੰਮ ਕੀਤਾ। ਇਹ ਪ੍ਰਾਜੈਕਟ ਆਈ.ਆਈ.ਟੀ.-ਕਾਨਪੁਰ ਅਤੇ ਦਿੱਲੀ ਸਰਕਾਰ ਵੱਲੋਂ ਸਾਂਝੇ ਤੌਰ ’ਤੇ ਵਿਕਸਤ ਕੀਤਾ ਗਿਆ ਹੈ, ਜਿਸ ਦਾ ਉਦੇਸ਼ ਦੀਵਾਲੀ ਤੋਂ ਬਾਅਦ ‘ਸਮੌਗ’ ਦੇ ਮੌਸਮ ਵਿੱਚ ਸ਼ਹਿਰ ਦੇ ਪ੍ਰਦੂਸ਼ਣ ਪੱਧਰ ਨੂੰ ਘਟਾਉਣਾ ਹੈ।
ਮੁੱਖ ਮੰਤਰੀ ਨੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਮਨਾਈ ਭਾਈ ਦੂਜ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਅੱਜ ਪੱਛਮੀ ਦਿੱਲੀ ਵਿੱਚ ਬੀ ਐੱਸ ਐੱਫ ਕੈਂਪ ਵਿੱਚ ਫ਼ੌਜ ਦੇ ਜਵਾਨਾਂ ਨਾਲ ‘ਭਾਈ ਦੂਜ’ ਦਾ ਤਿਉਹਾਰ ਮਨਾਇਆ ਅਤੇ ਇਸ ਮੌਕੇ ਇੱਕ ਅਹਿਮ ਪਾਣੀ ਦੀ ਪਾਈਪਲਾਈਨ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ। ਇਸ ਪ੍ਰਾਜੈਕਟ ਨਾਲ ਨਾ ਸਿਰਫ਼ ਕੈਂਪ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੇਗਾ, ਸਗੋਂ ਨੇੜਲੇ ਇਲਾਕਿਆਂ ਵਿੱਚ ਵੀ ਪਾਣੀ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ। ਇਹ ਕੈਂਪ ਸੀਮਾ ਸੁਰੱਖਿਆ ਬਲ ( ਬੀ ਐੱਸ ਐੱਫ) ਦੀ 25ਵੀਂ ਬਟਾਲੀਅਨ ਦਾ ਹੈ, ਜੋ 1982 ਵਿੱਚ ਸਥਾਪਿਤ ਹੋਇਆ ਸੀ। ਸਥਾਪਨਾ ਤੋਂ ਲੈ ਕੇ ਹੁਣ ਤੱਕ, ਭਾਵ ਪਿਛਲੇ 42 ਸਾਲਾਂ ਤੋਂ ਇਹ ਕੈਂਪ ਪਾਈਪਲਾਈਨ ਰਾਹੀਂ ਪਾਣੀ ਦੀ ਸਪਲਾਈ ਤੋਂ ਵਾਂਝਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਰੇਖਾ ਗੁਪਤਾ ਨੇ 11 ਅਗਸਤ ਨੂੰ ‘ਇੱਕ ਪੇੜ ਮਾਂ ਕੇ ਨਾਮ’ ਪ੍ਰੋਗਰਾਮ ਦੌਰਾਨ ਇਸ ਕੈਂਪ ਦਾ ਦੌਰਾ ਕੀਤਾ ਸੀ। ਉਸ ਸਮੇਂ ਉਨ੍ਹਾਂ ਨੇ ਜਵਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਜਲਦੀ ਹੀ ਕੈਂਪ ਨੂੰ ਪਾਈਪਲਾਈਨ ਰਾਹੀਂ ਪਾਣੀ ਦੀ ਸਪਲਾਈ ਯਕੀਨੀ ਬਣਾਉਣਗੇ ਅਤੇ ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ ਹੈ।
