DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੋਦੀ ਦਾ ਟਰੰਪ ਨੂੰ ਦੋ ਟੁੱਕ ਜਵਾਬ...ਕਸ਼ਮੀਰ ਬਾਰੇ ਕਿਸੇ ਤੀਜੀ ਧਿਰ ਦਾ ਦਖ਼ਲ ਸਵੀਕਾਰ ਨਹੀਂ

ਭਾਰਤ-ਪਾਕਿ ਜੰਗ ਰੋਕਣ ਲਈ ਵਪਾਰ ਦਾ ਲਾਲਚ ਦੇਣ ਦੇ ਟਰੰਪ ਦੇ ਦਾਅਵਿਆਂ ਨੂੰ ਖਾਰਜ ਕੀਤਾ, ਟਰੰਪ ਨੂੰ ਕੁਆਡ ਮੀਟਿੰਗ ਲਈ ਭਾਰਤ ਆਉਣ ਦਾ ਸੱਦਾ
  • fb
  • twitter
  • whatsapp
  • whatsapp
Advertisement

ਅਜੈ ਬੈਨਰਜੀ

ਨਵੀਂ ਦਿੱਲੀ, 18 ਜੂਨ

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਕਿ ਪਿਛਲੇ ਮਹੀਨੇ ਭਾਰਤ-ਪਾਕਿ ਜੰਗ ਰੋਕਣ ਲਈ ਅਮਰੀਕਾ ਨੇ ਵਪਾਰ ਦਾ ਲਾਲਚ ਦਿੱਤਾ ਸੀ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਆਖਿਆ ਕਿ ਭਾਰਤ ਨੇ ਕਸ਼ਮੀਰ ਬਾਰੇ ਕਦੇ ਵੀ ਕਿਸੇ ਤੀਜੀ ਧਿਰ ਦਾ ਦਖ਼ਲ ਸਵੀਕਾਰ ਨਹੀਂ ਕੀਤਾ ਤੇ ਨਾ ਹੀ ਭਵਿੱਖ ਵਿਚ ਕਦੇ ਕਰੇਗਾ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਐਕਸ ’ਤੇ ਇਕ ਵੀਡੀਓ ਪੋਸਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਫੋਨ ’ਤੇ 35 ਮਿੰਟ ਦੇ ਕਰੀਬ ਗੱਲਬਾਤ ਕੀਤੀ। ਉਂਝ ਇਹ ਪਹਿਲੀ ਵਾਰ ਹੈ ਜਦੋਂ ਸ੍ਰੀ ਮੋਦੀ ਨੇ ਟਰੰਪ ਵੱਲੋਂ ਭਾਰਤ-ਪਾਕਿ ਜੰਗਬੰਦੀ ਵਿਚ ਵਿਚੋਲਗੀ ਨੂੰ ਲੈ ਕੇ ਵਾਰ ਵਾਰ ਕੀਤੇ ਜਾਂਦੇ ਦਾਅਵਿਆਂ ਬਾਰੇ ਕੋਈ ਟਿੱਪਣੀ ਕੀਤੀ ਹੈ। ਟਰੰਪ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਭਾਰਤ-ਪਾਕਿ ਜੰਗ ਰੋਕਣ ਲਈ ਵਪਾਰ ਦਾ ਲਾਲਚ ਦਿੱਤਾ ਸੀ ਤੇ ਕਸ਼ਮੀਰ ਮਸਲੇ ਦੇ ਹੱਲ ਲਈ ਵਿਚੋਲਗੀ ਦੀ ਪੇਸ਼ਕਸ਼ ਦੁਹਰਾਈ ਸੀ।

ਮਿਸਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ ਸਾਫ਼ ਕਰ ਦਿੱਤਾ ਕਿ ਇਸ ਪੂਰੇ ਘਟਨਾਕ੍ਰਮ (7 ਤੋਂ 10 ਮਈ) ਦੌਰਾਨ ਕਿਸੇ ਵੀ ਸਮੇਂ, ਕਿਸੇ ਵੀ ਪੱਧਰ ’ਤੇ, ਭਾਰਤ-ਅਮਰੀਕਾ ਵਪਾਰ ਸਮਝੌਤੇ ਜਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਅਮਰੀਕਾ ਵੱਲੋਂ ਵਿਚੋਲਗੀ ਵਰਗੇ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ ਗਈ।’’ ਫੌਜੀ ਕਾਰਵਾਈ ਰੋਕਣ ਦੇ ਫੈਸਲੇ ’ਤੇ ਭਾਰਤ ਤੇ ਪਾਕਿਸਤਾਨ ਵਿਚਕਾਰ ਸਿੱਧੇ ਤੌਰ ’ਤੇ ਦੋਵਾਂ ਮੁਲਕਾਂ ਦੀਆਂ ਫੌਜਾਂ ਦੇ ਮੌਜੂਦਾ ਚੈਨਲਾਂ ਰਾਹੀਂ ਚਰਚਾ ਪਾਕਿਸਤਾਨ ਦੀ ਬੇਨਤੀ ’ਤੇ ਕੀਤੀ ਗਈ ਸੀ। ਮਿਸਰੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕੀਤੀ, ਨਾ ਹੀ ਇਸ ਨੂੰ ਕਦੇ ਕਰੇਗਾ। ਇਸ ਮੁੱਦੇ ’ਤੇ ਭਾਰਤ ਵਿੱਚ ਸਿਆਸੀ ਤੌਰ ’ਤੇ ਸਾਰੀਆਂ ਸਿਆਸੀ ਧਿਰਾਂ ’ਚ ਮੁਕੰਮਲ ਸਹਿਮਤੀ ਹੈ।’’ ਵਿਦੇਸ਼ ਸਕੱਤਰ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਵੱਲੋਂ ਉਠਾਏ ਗਏ ਨੁਕਤਿਆਂ ਨੂੰ ਸਮਝਿਆ ਅਤੇ ਅਤਿਵਾਦ ਵਿਰੁੱਧ ਭਾਰਤ ਦੀ ਲੜਾਈ ਲਈ ਸਹਿਮਤੀ ਦਿੱਤੀ।

ਮੋਦੀ ਨੇ ਟਰੰਪ ਨੂੰ ਦੱਸਿਆ ਕਿ ਭਾਰਤ ਹੁਣ ਦਹਿਸ਼ਤੀ ਸਰਗਰਮੀਆਂ ਨੂੰ ਪ੍ਰੌਕਸੀ ਵਜੋਂ ਨਹੀਂ ਬਲਕਿ ਜੰਗੀ ਕਾਰਵਾਈ (Act of war) ਵਜੋਂ ਲਏਗਾ। ਜ਼ਿਕਰਯੋਗ ਹੈ ਕਿ ਮੋਦੀ ਅਤੇ ਟਰੰਪ ਨੇ 18 ਜੂਨ ਨੂੰ ਵ੍ਹਾਈਟ ਹਾਊਸ ਵਿੱਚ ਟਰੰਪ ਦੇ ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਅਸੀਮ ਮੁਨੀਰ ਨਾਲ ਦੁਪਹਿਰ ਦੇ ਖਾਣੇ ਦੀ ਨਿਰਧਾਰਤ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਗੱਲਬਾਤ ਕੀਤੀ ਹੈ। ਚਰਚਾ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਟਰੰਪ ਨੂੰ Operation Sindoor ਬਾਰੇ ਵੀ ਜਾਣਕਾਰੀ ਦਿੱਤੀ। ਪਹਿਲਗਾਮ ਵਿਚ 22 ਅਪਰੈਲ ਨੂੰ ਹੋਏ ਦਹਿਸ਼ਤੀ ਹਮਲੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ’ਤੇ ਸੰਵੇਦਨਾ ਜਤਾਉਂਦਿਆਂ ਅਤਿਵਾਦ ਖਿਲਾਫ਼ ਹਮਾਇਤ ਦਾ ਭਰੋਸਾ ਦਿੱਤਾ ਸੀ। ਉਸ ਤੋਂ ਬਾਅਦ ਦੋਵਾਂ ਆਗੂਆਂ ਦਰਮਿਆਨ ਇਹ ਪਹਿਲੀ ਗੱਲਬਾਤ ਸੀ।

ਕੈਨੇਡਾ ਵਿਚ ਜੀ7 ਸਿਖਰ ਸੰਮੇਲਨ ਤੋਂ ਇਕਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਬੈਠਕ ਤਜਵੀਜ਼ਤ ਸੀ, ਪਰ ਅਮਰੀਕੀ ਸਦਰ ਦੇ ਸੰਮੇਲਨ ਵਿਚਾਲੇ ਛੱਡ ਵਾਸ਼ਿੰਗਟਨ ਪਰਤਣ ਕਰਕੇ ਇਹ ਮੁਲਾਕਾਤ ਨਹੀਂ ਹੋ ਸਕੀ। ਇਹ ਟੈਲੀਫੋਨ ਕਾਲ ਰਾਸ਼ਟਰਪਤੀ ਟਰੰਪ ਦੀ ਬੇਨਤੀ ’ਤੇ ਹੋਈ ਸੀ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੁੱਛਿਆ ਸੀ ਕਿ ਕੀ ਉਹ ਕੈਨੇਡਾ ਤੋਂ ਵਾਪਸ ਆਉਂਦੇ ਸਮੇਂ ਅਮਰੀਕਾ ਰੁਕ ਸਕਦੇ ਹਨ। ਸ੍ਰੀ ਮੋਦੀ ਨੇ ਹਾਲਾਂਕਿ ਪਹਿਲਾਂ ਤੋਂ ਨਿਰਧਾਰਤ ਰੁਝੇਵਿਆਂ ਕਾਰਨ ਅਸਮਰੱਥਾ ਜ਼ਾਹਰ ਕੀਤੀ।

ਟਰੰਪ ਅਤੇ ਮੋਦੀ ਨੇ ਇਜ਼ਰਾਈਲ-ਇਰਾਨ ਟਕਰਾਅ ’ਤੇ ਵੀ ਚਰਚਾ ਕੀਤੀ। ਰੂਸ-ਯੂਕਰੇਨ ਟਕਰਾਅ 'ਤੇ, ਦੋਵੇਂ ਇਸ ਗੱਲ 'ਤੇ ਸਹਿਮਤ ਹੋਏ ਕਿ ਜਲਦੀ ਸ਼ਾਂਤੀ ਲਈ ਦੋਵਾਂ ਧਿਰਾਂ ਵਿਚਕਾਰ ਸਿੱਧੀ ਗੱਲਬਾਤ ਜ਼ਰੂਰੀ ਹੈ ਅਤੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਦੋਵਾਂ ਆਗੂਆਂ ਨੇ ਹਿੰਦ-ਪ੍ਰਸ਼ਾਂਤ ਖੇਤਰ ’ਤੇ ਆਪਣੇ ਦ੍ਰਿਸ਼ਟੀਕੋਣ ਸਾਂਝੇ ਕੀਤੇ ਅਤੇ ਖੇਤਰ ਵਿੱਚ QUAD ਦੀ ਮਹੱਤਵਪੂਰਨ ਭੂਮਿਕਾ ਲਈ ਸਮਰਥਨ ਪ੍ਰਗਟ ਕੀਤਾ। ਸ੍ਰੀ ਮੋਦੀ ਨੇ ਅਮਰੀਕੀ ਸਦਰ ਨੂੰ ਅਗਲੀ QUAD ਮੀਟਿੰਗ ਲਈ ਭਾਰਤ ਆਉਣ ਦਾ ਸੱਦਾ ਦਿੱਤਾ। ਰਾਸ਼ਟਰਪਤੀ ਟਰੰਪ ਨੇ ਸੱਦਾ ਸਵੀਕਾਰ ਕਰ ਲਿਆ ਅਤੇ ਕਿਹਾ ਕਿ ਉਹ ਭਾਰਤ ਆਉਣ ਲਈ ਉਤਸੁਕ ਹਨ।

Advertisement
×