ਮੋਦੀ ਜਾਅਲੀ ਨਦੀ ਵਿੱਚ ਲਗਾਉਣਗੇ ਡੁਬਕੀ: ਭਾਰਦਵਾਜ
ਆਮ ਆਦਮੀ ਪਾਰਟੀ ਦਿੱਲੀ ਦੇ ਸੂਬਾ ਪ੍ਰਧਾਨ ਸੌਰਭ ਭਾਰਦਵਾਜ ਨੇ ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ’ਤੇ ਨਿਸ਼ਾਨੇ ਸੇਧੇ ਹਨ। ਉਨ੍ਹਾਂ ਕਿਹਾ ਕਿ ਆਪਣੀ ਦਿੱਲੀ ਸਰਕਾਰ ਨੂੰ ਸਫ਼ਲਤਾ ਦਾ ਸਰਟੀਫਿਕੇਟ ਦੇਣ ਲਈ ਭਾਜਪਾ ਨੇ ਦਿੱਲੀ ਤੇ ਦੇਸ਼ ਦੇ ਲੋਕਾਂ ਨਾਲ ਝੂਠ ਬੋਲਿਆ ਹੈ।
ਪੱਤਰਕਾਰਾਂ ਨੂੰ ਵੀਡੀਓ ਪੇਸ਼ ਕਰਦੇ ਹੋਏ ਸੌਰਭ ਭਾਰਦਵਾਜ ਨੇ ਦੱਸਿਆ ਕਿ ਭਾਜਪਾ ਨੇ ਦਿੱਲੀ ਆਈ ਐੱਸ ਬੀ ਟੀ ਦੇ ਨੇੜੇ ਵਾਸੂਦੇਵ ਘਾਟ ’ਤੇ ਯਮੁਨਾ ਨਦੀ ਦੇ ਕੰਢੇ ਇੱਕ ਹੋਰ ਜਾਅਲੀ ਨਦੀ ਬਣਾਈ ਹੈ। ਇਸ ਛੋਟੀ ਨਦੀ ਨੂੰ ਵਜ਼ੀਰਾਬਾਦ ਵਾਟਰ ਟ੍ਰੀਟਮੈਂਟ ਪਲਾਂਟ ਤੋਂ ਫਿਲਟਰ ਕੀਤੇ ਪਾਣੀ ਨਾਲ ਇੱਕ ਪਾਈਪਲਾਈਨ ਰਾਹੀਂ ਜੋ ਦਿੱਲੀ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਦੀ ਹੈ ਨਾਲ ਗੁਪਤ ਰੂਪ ਵਿੱਚ ਭਰਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ, ਬਿਹਾਰ ਅਤੇ ਪੂਰਵਾਂਚਲ ਤੇ ਦੇਸ਼ ਦੇ ਲੋਕਾਂ ਨੂੰ ਮੂਰਖ ਬਣਾਉਣ ਲਈ ਇਸ ਫਿਲਟਰ ਕੀਤੇ ਯਮੁਨਾ ਵਿੱਚ ਡੁਬਕੀ ਲਗਾਉਣਗੇ ਤੇ ਇਹ ਦਿਖਾਵਾ ਕਰਨਗੇ ਕਿ ਭਾਜਪਾ ਨੇ ਯਮੁਨਾ ਨੂੰ ਸਾਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਿਹਾਰ ਚੋਣਾਂ ਕਾਰਨ ਹੀ ਭਾਜਪਾ ਇਹ ਦਿਖਾਵਾ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਦੀ ਭਾਜਪਾ ਸਰਕਾਰ ਨੇ ਕਰਮਚਾਰੀਆਂ ਨੂੰ ਸਵੇਰੇ ਨੌਂ ਵਜੇ ਯਮੁਨਾ ਨਦੀ ਵਿੱਚ ਝੱਗ ਨੂੰ ਖਤਮ ਕਰਨ ਲਈ ਰਸਾਇਣ ਛਿੜਕਣ ਲਈ ਨਿਯੁਕਤ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੇ ਝੂਠਾਂ ਦਾ ਪਰਦਾਫਾਸ਼ ਕਰਨ ਲਈ ਉਹ ਸਵੇਰੇ ਸੱਤ ਵਜੇ ਯਮੁਨਾ ਨਦੀ ਗਏ ਅਤੇ ਜਨਤਾ ਨੂੰ ਝੱਗ ਦੀ ਇੱਕ ਵੀਡੀਓ ਜਾਰੀ ਕੀਤੀ, ਜਿਸ ਨਾਲ ਭਾਜਪਾ ਦੇ ਝੂਠਾਂ ਦਾ ਪਰਦਾਫਾਸ਼ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਨੇ ਯਮੁਨਾ ਨਦੀ ਵਿੱਚ ਪ੍ਰਦੂਸ਼ਣ ਨੂੰ ਕਿਸੇ ਵੀ ਤਰ੍ਹਾਂ ਘੱਟ ਨਹੀਂ ਕੀਤਾ ਹੈ।
