ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਵੱਲੋਂ ਅਮਰੀਕਾ ਲਈ ਭਾਰਤੀ ਬਾਜ਼ਾਰ ਖੋਲ੍ਹਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਖੁਸ਼ ਕਰਨ ਲਈ ਦੇਸ਼ ਦੇ ਕਪਾਹ ਕਿਸਾਨਾਂ ਨੂੰ ਦਾਅ ’ਤੇ ਲਗਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਮਰੀਕੀ ਸਰਕਾਰ ਭਾਰਤੀ ਵਪਾਰੀਆਂ ਅਤੇ ਉਦਯੋਗਾਂ ’ਤੇ ਹਮਲਾ ਕਰ ਰਹੀ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਦੇ ਸਾਹਮਣੇ ਆਪਣਾ ਸਿਰ ਝੁਕਾ ਰਹੇ ਹਨ। ਮੋਦੀ ਸਰਕਾਰ ਭਾਰਤੀ ਬਾਜ਼ਾਰਾਂ ਨੂੰ ਅਮਰੀਕੀ ਸਾਮਾਨ ਨਾਲ ਭਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਭਾਰਤੀ ਕਿਸਾਨਾਂ, ਵਪਾਰੀਆਂ ਅਤੇ ਉਦਯੋਗਾਂ ਨਾਲੋਂ ਅਮਰੀਕਾ ਦੀ ਜ਼ਿਆਦਾ ਚਿੰਤਾ ਹੈ। ਅਰਵਿੰਦ ਕੇਜਰੀਵਾਲ ਨੇ ਐਕਸ ’ਤੇ ਕਿਹਾ ਕਿ ਟਰੰਪ ਨੂੰ ਖੁਸ਼ ਕਰਨ ਲਈ, ਦੇਸ਼ ਭਰ ਦੇ ਕਪਾਹ ਕਿਸਾਨਾਂ ਨੂੰ ਦਾਅ ’ਤੇ ਲਗਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੇ ਕਿਸਾਨਾਂ, ਵਪਾਰੀਆਂ ਅਤੇ ਨੌਜਵਾਨਾਂ ਦੇ ਰੁਜ਼ਗਾਰ ਨੂੰ ਦਾਅ ’ਤੇ ਲਗਾ ਕੇ ਭਾਰਤੀ ਬਾਜ਼ਾਰ ਨੂੰ ਅਮਰੀਕੀਆਂ ਲਈ ਪੂਰੀ ਤਰ੍ਹਾਂ ਖੋਲ੍ਹਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਉਠਾਇਆ ਕਿ ਜੇ ਪੂਰਾ ਭਾਰਤੀ ਬਾਜ਼ਾਰ ਅਮਰੀਕੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤਾਂ ਸਾਡੇ ਲੋਕ ਕਿੱਥੇ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਟਰੰਪ ਅੱਗੇ ਅਜਿਹਾ ਆਤਮ ਸਮਰਪਣ ਨਾ ਸਿਰਫ਼ ਭਾਰਤੀ ਅਰਥਵਿਵਸਥਾ ਲਈ ਘਾਤਕ ਹੈ, ਸਗੋਂ 140 ਕਰੋੜ ਭਾਰਤੀਆਂ ਦਾ ਅਪਮਾਨ ਵੀ ਹੈ।