ਮੋਦੀ ਕਿਸੇ ਦਬਾਅ ਅੱਗੇ ਨਹੀਂ ਝੁਕਦੇ: ਪੂਤਿਨ
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਨੂੰ ਉਨ੍ਹਾਂ ਦੀ ਅਗਵਾਈ ’ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਅਮਰੀਕਾ ਸਣੇ ਕਿਸੇ ਵੀ ਦੇਸ਼ ਦੇ ਦਬਾਅ ਅੱਗੇ ਨਹੀਂ ਝੁਕਦੇ।
ਉਨ੍ਹਾਂ ਮੀਡੀਆ ਚੈਨਲਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦਾ ਰੁਖ਼ ਸਪਸ਼ਟ ਹੈ। ਸ੍ਰੀ ਪੂਤਿਨ ਨੇ ਕਿਹਾ ਕਿ ਉਨ੍ਹਾਂ ਟਕਰਾਅ ਨਹੀਂ ਚਾਹੁੰਦੇ ਬਲਕਿ ਆਪਣੇ ਕਾਨੂੰਨੀ ਅਧਿਕਾਰਾਂ ਦੀ ਰੱਖਿਆ ਕਰਨਾ ਚਾਹੁੰਦੇ ਹਨ ਤੇ ਭਾਰਤ ਵੀ ਇਹੀ ਕਰਦਾ ਆ ਰਿਹਾ ਹੈ।
ਜ਼ਿਕਰਯੋਗ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬੀਤੀ ਸ਼ਾਮ ਦਿੱਲੀ ਪਹੁੰਚੇ ਸਨ। ਰੂਸ ਤੇ ਯੂਕਰੇਨ ਦੀ ਜੰਗ ਫਰਵਰੀ 2022 ਵਿਚ ਸ਼ੁਰੂ ਹੋਈ ਸੀ ਤੇ ਇਸ ਤੋਂ ਬਾਅਦ ਇਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦਾ ਪਹਿਲਾ ਅਧਿਕਾਰਤ ਦੌਰਾ ਹੈ। ਉਹ 23ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਲਈ ਪਹੁੰਚੇ ਸਨ। ਪੂਤਿਨ ਇਸ ਤੋਂ ਪਹਿਲਾਂ ਦਸੰਬਰ 2021 ਵਿਚ ਭਾਰਤ ਆਏ ਸਨ। ਉਹ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ ਅਤੇ ਆਪਸੀ ਹਿੱਤਾਂ ਦੇ ਵੱਖ-ਵੱਖ ਖੇਤਰੀ ਅਤੇ ਵਿਸ਼ਵਵਿਆਪੀ ਮੁੱਦਿਆਂ ’ਤੇ ਗੱਲਬਾਤ ਕਰਨਗੇ।
ਪੂਤਿਨ ਦੀ ਅੱਜ ਹੋਣ ਵਾਲੀ ਮੀਟਿੰਗ ਮਹੱਤਵਪੂਰਨ ਹੈ। ਇਸ ਦੌਰਾਨ ਕਈ ਸਮਝੌਤਿਆਂ ’ਤੇ ਦਸਤਖਤ ਹੋਣ ਦੀ ਉਮੀਦ ਹੈ ਜਿਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਭਾਈਵਾਲੀ ਮਜ਼ਬੂਤ ਹੋਵੇਗੀ।
