ਪ੍ਰਦੂਸ਼ਣ ਤੋਂ ਮਾਮੂਲੀ ਰਾਹਤ,ਖ਼ਤਰਾ ਬਰਕਰਾਰ
ਦੀਵਾਲੀ ਦੇ ਜਸ਼ਨਾਂ ਤੋਂ ਚਾਰ ਦਿਨ ਬਾਅਦ ਅੱਜ ਸਵੇਰੇ ਦਿੱਲੀ ਦੀ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਜਿਹਾ ਸੁਧਾਰ ਦਰਜ ਕੀਤਾ ਗਿਆ। ਹਾਲਾਂਕਿ ਹਵਾ ਦੇ ਜ਼ਹਿਰੀਲੇ ਪੱਧਰ ਕਾਰਨ ਸਮੁੱਚੀ ਸਥਿਤੀ ਜਨਤਕ ਸਿਹਤ ਲਈ ਇੱਕ ਵੱਡੀ ਚਿੰਤਾ ਬਣੀ ਹੋਈ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅੰਕੜਿਆਂ ਅਨੁਸਾਰ ਰਾਜਧਾਨੀ ਦਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 293 ਦਰਜ ਕੀਤਾ ਗਿਆ, ਜਿਸ ਨੂੰ ‘ਖ਼ਰਾਬ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ। ਇਹ ਵੀਰਵਾਰ ਨੂੰ 325 ਅਤੇ ਬੁੱਧਵਾਰ ਨੂੰ 345 ਦੇ ਏਕਿਊਆਈ ਤੋਂ ਘੱਟ ਹੈ, ਪਰ ਇਸ ਮਾਮੂਲੀ ਗਿਰਾਵਟ ਦੇ ਬਾਵਜੂਦ ਸ਼ਹਿਰ ਦੇ ਕਈ ਖੇਤਰ ਹਾਲੇ ਵੀ ਖ਼ਤਰਨਾਕ ਸਥਿਤੀਆਂ ਨਾਲ ਜੂਝ ਰਹੇ ਹਨ।
ਆਨੰਦ ਵਿਹਾਰ ਅਤੇ ਅਕਸ਼ਰਧਾਮ ਇਲਾਕਿਆਂ ਵਿੱਚ 403 ਦਾ ਏ ਕਿਊ ਆਈ ਦਰਜ ਕੀਤਾ ਗਿਆ, ਜਿਸ ਕਾਰਨ ਇੱਥੋਂ ਦੀ ਹਵਾ ‘ਗੰਭੀਰ’ ਸ਼੍ਰੇਣੀ ਵਿੱਚ ਚਲੀ ਗਈ ਹੈ। ਆਈ ਟੀ ਓ (316) ਵਰਗੇ ਹੋਰ ਪ੍ਰਮੁੱਖ ਖੇਤਰ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਹਨ, ਜਦਕਿ ਧੌਲਾ ਕੁਆਂ (257) ਅਤੇ ਇੰਡੀਆ ਗੇਟ (254) ’ਤੇ ਹਵਾ ‘ਖ਼ਰਾਬ’ ਪੱਧਰ ’ਤੇ ਰਹੀ।
ਇਸ ਲਗਾਤਾਰ ਖ਼ਰਾਬ ਹੋ ਰਹੀ ਹਵਾ ਦੇ ਮੱਦੇਨਜ਼ਰ ਡਾਕਟਰੀ ਮਾਹਿਰਾਂ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) ਦੇ ਨਿਵਾਸੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀਆਂ ਬਾਹਰੀ ਗਤੀਵਿਧੀਆਂ ਨੂੰ ਸਿਰਫ਼ ਜ਼ਰੂਰੀ ਕੰਮਾਂ ਤੱਕ ਹੀ ਸੀਮਤ ਰੱਖਣ, ਜਦੋਂ ਤੱਕ ਹਵਾ ਦੀ ਗੁਣਵੱਤਾ ਘੱਟੋ-ਘੱਟ ‘ਦਰਮਿਆਨੀ’ ਸ਼੍ਰੇਣੀ ਵਿੱਚ ਵਾਪਸ ਨਹੀਂ ਆ ਜਾਂਦੀ। ਸੀ ਪੀ ਸੀ ਬੀ ਨੇ ਭਵਿੱਖਬਾਣੀ ਕੀਤੀ ਹੈ ਕਿ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਹੈ ਅਤੇ ਘੱਟੋ-ਘੱਟ 27 ਅਕਤੂਬਰ ਤੱਕ ਇਹ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ। ਅਜਿਹੀਆਂ ਸਥਿਤੀਆਂ ਕਾਰਨ ਲੋਕਾਂ ਵਿੱਚ ਸਾਹ ਸਬੰਧੀ ਸਮੱਸਿਆਵਾਂ ਅਤੇ ਅੱਖਾਂ ਵਿੱਚ ਜਲਨ ਹੋ ਸਕਦੀ ਹੈ। ਹਾਲਾਂਕਿ, ਪਿਛਲੇ 24 ਘੰਟਿਆਂ ਵਿੱਚ ਉੱਤਰ-ਪੱਛਮ ਤੋਂ 10-15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾ ਚੱਲਣ ਕਾਰਨ ਪ੍ਰਦੂਸ਼ਕਾਂ ਦੇ ਖਿੰਡਣ ਵਿੱਚ ਕੁਝ ਮਦਦ ਮਿਲੀ ਹੈ। ਇਸ ਦੌਰਾਨ ਭਾਰਤੀ ਮੌਸਮ ਵਿਭਾਗ (ਆਈ.ਐੱਮ.ਡੀ.) ਨੇ ਸੰਕੇਤ ਦਿੱਤਾ ਹੈ ਕਿ 27 ਅਕਤੂਬਰ ਤੋਂ ਇੱਕ ਨਵੀਂ ਪੱਛਮੀ ਗੜਬੜੀ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰ ਸਕਦੀ ਹੈ, ਪਰ ਦਿੱਲੀ-ਐੱਨ ਸੀ ਆਰ ’ਤੇ ਇਸ ਦੇ ਸੰਭਾਵੀ ਪ੍ਰਭਾਵ ਬਾਰੇ ਹਾਲੇ ਕੁਝ ਵੀ ਸਾਫ਼ ਨਹੀਂ ਹੈ।
ਏਅਰ ਪਿਊਰੀਫਾਇਰ ਅਤੇ ਮਾਸਕਾਂ ਦੀ ਵਿਕਰੀ ਵਧੀ
ਨਵੀਂ ਦਿੱਲੀ: ਸ਼ਹਿਰ ਦੀ ਹਵਾ ਦੀ ਗੁਣਵੱਤਾ ‘ਖਰਾਬ’ ਸ਼੍ਰੇਣੀ ਵਿੱਚ ਪਹੁੰਚਣ ਦੇ ਨਾਲ ਹੀ ਦਿੱਲੀ ਵਿੱਚ ਏਅਰ ਪਿਊਰੀਫਾਇਰ ਅਤੇ ਮਾਸਕ ਖਰੀਦਣ ਦੀ ਵਿਕਰੀ ਵਧ ਗਈ ਹੈ। ਵਪਾਰੀਆਂ ਅਨੁਸਾਰ ਇਨ੍ਹਾਂ ਦੀ ਵਿਕਰੀ ਵਿੱਚ 60 ਤੋਂ 70 ਫੀਸਦੀ ਦਾ ਵੱਡਾ ਉਛਾਲ ਦੇਖਿਆ ਗਿਆ ਹੈ। ਕਨਾਟ ਪਲੇਸ ਸਥਿਤ ‘ਕ੍ਰੋਮਾ ਓਡੀਅਨ’ ਦੇ ਇੱਕ ਸੇਲਜ਼ਮੈਨ ਨੇ ਦੱਸਿਆ, ‘ਰੋਜ਼ਾਨਾ ਘੱਟੋ-ਘੱਟ ਦੋ ਤੋਂ ਤਿੰਨ ਗਾਹਕ ਸਾਡੇ ਕੋਲ ਪਿਊਰੀਫਾਇਰ ਖਰੀਦਣ ਆਉਂਦੇ ਹਨ ਅਤੇ ਸਾਨੂੰ ਹਰ ਰੋਜ਼ 20 ਤੋਂ ਵੱਧ ਫੋਨ ’ਤੇ ਪੁੱਛਗਿੱਛਾਂ ਆਉਂਦੀਆਂ ਹਨ।’ ਉਸ ਨੇ ਅੱਗੇ ਕਿਹਾ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਉਨ੍ਹਾਂ ਦੀ ਏਅਰ ਪਿਊਰੀਫਾਇਰ ਦੀ ਵਿਕਰੀ ਵਿੱਚ ਲਗਭਗ 60 ਤੋਂ 70 ਫੀਸਦ ਦਾ ਵਾਧਾ ਹੋਇਆ ਹੈ। ਇੰਦਰਾਪੁਰਮ ਵਿੱਚ ‘ਏਅਰ ਐਕਸਪਰਟ ਇੰਡੀਆ’ ਦੇ ਮਾਲਕ ਵਿਜੇਂਦਰ ਮੋਹਨ ਨੇ ਕਿਹਾ, ‘ਪਹਿਲਾਂ ਅਸੀਂ ਹਫ਼ਤੇ ਜਾਂ ਮਹੀਨਿਆਂ ਵਿੱਚ ਲਗਭਗ 10 ਯੂਨਿਟ ਵੇਚਦੇ ਸੀ। ਹੁਣ ਇਹ ਗਿਣਤੀ ਵੱਧ ਕੇ ਦੋ-ਤਿੰਨ ਦਿਨਾਂ ਵਿੱਚ ਲਗਭਗ 35 ਤੋਂ 40 ਹੋ ਗਈ ਹੈ।’ ਉਨ੍ਹਾਂ ਕਿਹਾ, ‘ਇਸ ਹਫ਼ਤੇ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ ਅਤੇ ਸਾਨੂੰ ਰੋਜ਼ਾਨਾ 150 ਤੋਂ ਵੱਧ ਪੁੱਛਗਿੱਛਾਂ ਆ ਰਹੀਆਂ ਹਨ।’ ਰਾਜਾ ਗਾਰਡਨ ਸਥਿਤ ਮਹਾਜਨ ਇਲੈਕਟ੍ਰਾਨਿਕਸ ਨੇ ਵੀ ਅਜਿਹਾ ਹੀ ਰੁਝਾਨ ਦੱਸਿਆ। ਇੱਕ ਸਟੋਰ ਪ੍ਰਤੀਨਿਧੀ ਨੇ ਕਿਹਾ, ‘ਸਟੋਰ ’ਤੇ ਆਉਣ ਵਾਲੇ ਗਾਹਕਾਂ ਅਤੇ ਆਨਲਾਈਨ ਆਰਡਰਾਂ ਦੋਵਾਂ ਰਾਹੀਂ ਵਿਕਰੀ ਵਿੱਚ ਲਗਪਗ 60 ਫੀਸਦੀ ਦਾ ਵਾਧਾ ਹੋਇਆ ਹੈ। ਅੱਧ-ਅਕਤੂਬਰ ਤੋਂ ਗਾਹਕ ਸਾਡੇ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ, ਇਸ ਲਈ ਅਸੀਂ ਮੰਗ ਨੂੰ ਪੂਰਾ ਕਰਨ ਲਈ ਆਪਣਾ ਸਟਾਕ ਵਧਾ ਲਿਆ ਹੈ।’ ਸ਼ਹਿਰ ਭਰ ਵਿੱਚ ਮਾਸਕਾਂ ਦੀ ਵਿਕਰੀ ਵਿੱਚ ਵੀ ਤੇਜ਼ੀ ਆਈ ਹੈ। ਕਨਾਟ ਪਲੇਸ ਸਥਿਤ ਅਪੋਲੋ ਫਾਰਮੇਸੀ ਦੇ ਸੇਲਜ਼ਮੈਨ ਰਾਜੀਵ ਕੁਮਾਰ ਨੇ ਦੱਸਿਆ, ‘ਪਿਛਲੇ ਦੋ ਹਫ਼ਤਿਆਂ ਵਿੱਚ ਮਾਸਕ ਦੀ ਵਿਕਰੀ ਵਿੱਚ ਲਗਭਗ 40 ਫੀਸਦੀ ਦਾ ਵਾਧਾ ਹੋਇਆ ਹੈ। ਜ਼ਿਆਦਾਤਰ ਲੋਕ ਹਾਲੇ ਵੀ ਸਾਧਾਰਨ ਮਾਸਕ ਖਰੀਦ ਰਹੇ ਹਨ, ਪਰ ਮੰਗ ਸਪੱਸ਼ਟ ਤੌਰ ’ਤੇ ਵਧੀ ਹੈ।’ -ਪੀਟੀਆਈ
