ਵਸੰਤ ਕੁੰਜ ’ਚ ਮਰਸਿਡੀਜ਼ ਨੇ ਤਿੰਨ ਵਿਅਕਤੀਆਂ ਨੂੰ ਟੱਕਰ ਮਾਰੀ; ਇੱਕ ਦੀ ਮੌਤ
ਪੁਲੀਸ ਨੇ ਅੱਜ ਦੱਸਿਆ ਕਿ ਇਹ ਘਟਨਾ ਸ਼ਨਿਚਰਵਾਰ ਅੱਧੀ ਰਾਤ ਮਗਰੋਂ 2.33 ਵਜੇ ਵਾਪਰੀ ਜਿਸ ਬਾਰੇ ਵਸੰਤ ਕੁੰਜ ਉੱਤਰੀ ਥਾਣੇ ਦੇ ਪੁਲੀਸ ਕੰਟਰੋਲ ਰੂਮ (ਪੀ ਸੀ ਆਰ) ਵਿੱਚ ਫੋਨ ਆਉਣ ’ਤੇ ਪਤਾ ਲੱਗਾ। ਡੀ ਸੀ ਪੀ (ਦੱਖਣ ਪੱਛਮੀ) ਅਮਿਤ ਗੋਇਲ ਨੇ ਬਿਆਨ ’ਚ ਕਿਹਾ, ‘‘ਘਟਨਾ ਮਾਲ ਦੇ ਸਾਹਮਣੇ ਵਾਪਰੀ ਅਤੇ ਸੂਚਨਾ ਮਿਲਣ ਮਗਰੋਂ ਪੁਲੀਸ ਮੌਕੇ ’ਤੇ ਪਹੁੰਚੀ, ਜਿੱਥੇ ਉਸ ਨੂੰ ਨੁਕਸਾਨੀ ਹੋਈ ਮਰਸਿਡੀਜ਼ ਜੀ63 ਕਾਰ ਮਿਲੀ। ਪੁਲੀਸ ਮੁਤਾਬਕ ਤਿੰਨ ਨੌਜਵਾਨ ਮੌਕੇ ’ਤੇ ਜ਼ਖਮੀ ਮਿਲੇ ਜਿਨ੍ਹਾਂ ਦੀ ਉਮਰ ਲਗਪਗ 23, 35 ਤੇ 23 ਸਾਲ ਹੈ। ਇਹ ਸਾਰੇ ਮਾਲ ਵਿੱਚ ਇੱਕ ਰੇਸਤਰਾਂ ਦੇ ਮੁਲਾਜ਼ਮ ਸਨ। ਉਨ੍ਹਾਂ ਕਿਹਾ ਕਿ ਤਿੰਨਾਂ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਤਰਾਖੰਡ ਦੇ ਚਮੋਲੀ ਦੇ ਰਹਿਣ ਵਾਲੇ ਰੋਹਿਤ (23) ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਦੋਂ ਕਿ ਬਾਕੀ ਦੋ ਜ਼ੇਰੇ-ਇਲਾਜ ਹਨ। ।
ਬਿਆਨ ਮੁਤਾਬਕ ਵਾਹਨ ਚਾਲਕ ਸ਼ਿਵਮ (29) ਕਰੋਲ ਬਾਗ ਦਾ ਵਸਨੀਕ ਹੈ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਇੱਕ ਵਿਆਹ ਸਮਾਗਮ ਵਿੱਚੋਂ ਮੁੜ ਰਿਹਾ ਸੀ ਤੇ ਘਟਨਾ ਸਮੇਂ ਉਸ ਦੀ ਪਤਨੀ ਤੇ ਵੱਡਾ ਭਰਾ ਵੀ ਨਾਲ ਸਨ।
ਅਧਿਕਾਰੀ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਰੂਟ ਬਦਲਣ ਮਗਰੋਂ ਡਰਾਈਵਰ ਤੋਂ ਵਾਹਨ ਬੇਕਾਬੂ ਹੋ ਕੇ ਆਟੋ ਸਟੈਂਡ ਵੱਲ ਮੁੜ ਗਿਆ ਤੇ ਉਥੇ ਆਟੋਰਿਕਸ਼ਾ ਦੀ ਉਡੀਕ ਕਰ ਰਹੇ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ। ਕਾਰ ਮੁਲਜ਼ਮ ਦੇ ਦੋਸਤ ਅਭਿਸ਼ੇਕ ਦੇ ਨਾਮ ’ਤੇ ਰਜਿਸਟਰਡ ਹੈ। ਪੁਲੀਸ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
