ਸਿੰਘ ਸਭਾਵਾਂ ਦੇ ਦੋ ਨੁਮਾਇੰਦਿਆਂ ਦੀ ਮੈਂਬਰਸ਼ਿਪ ਰੱਦ
ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਅਕਤੂਬਰ
ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਵਰਨਿੰਗ ਕੌਂਸਲ ਦੇ ਗਠਨ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਚੋਣ ਬੋਰਡ ਦੇ ਤਤਕਾਲੀ ਡਾਇਰੈਕਟਰ ਵੱਲੋਂ ਸਿੰਘ ਸਭਾਵਾਂ ਦੇ ਚੁਣੇ ਦੋ ਨੁਮਾਇੰਦਿਆਂ ਦੀ ਮੈਂਬਰੀ ਨੂੰ ਰੱਦ ਕਰ ਦਿੱਤਾ ਹੈ। ਹੁਣ ਇਸ ਮਾਮਲੇ ਨੂੰ ਲੈ ਕੇ ਚਾਰਜਸ਼ੀਟ ਦਾਖ਼ਲ ਕਰ ਕੇ ਡਾਇਰੈਕਟਰ ਦੀ ਭੂਮਿਕਾ ਬਾਰੇ ਜਾਂਚ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਵੀ ਖਾਸੇ ਸਰਗਰਮ ਹਨ। ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਹੁਣ ਸੁਰਿੰਦਰ ਸਿੰਘ ਦਾਰਾ ਤੇ ਮਹਿੰਦਰ ਸਿੰਘ ਦੀ ਮੈਂਬਰੀ ਰੱਦ ਹੋਵੇਗੀ ਤੇ ਉਨ੍ਹਾਂ ਦੀ ਥਾਂ ਮਲਕੀਤ ਸਿੰਘ ਤੇ ਕਸ਼ਮੀਰ ਸਿੰਘ ਨਵੇਂ ਮੈਂਬਰ ਹੋਣਗੇ। ਦੋਵਾਂ ਆਗੂਆਂ ਨੇ ਦੱਸਿਆ ਕਿ ਹੁਣ ਪ੍ਰਮੁੱਖ ਸਕੱਤਰ ਗੁਰਦੁਆਰਾ ਚੋਣ ਬੋਰਡ ਨੇ ਤਤਕਾਲੀ ਡਾਇਰੈਕਟਰ ਨਰਿੰਦਰ ਸਿੰਘ ਖਿਲਾਫ਼ ਵਿਭਾਗੀ ਕਾਰਵਾਈ ਦੀ ਸਿਫਾਰਸ਼ ਕੀਤੀ ਹੈ। ਕਮੇਟੀ ਆਗੂਆਂ ਨੇ ਕਿਹਾ ਕਿ ਤਤਕਾਲੀ ਡਾਇਰੈਕਟਰ ਨਰਿੰਦਰ ਸਿੰਘ ਨੇ ਸਿੰਘ ਸਭਾਵਾਂ ’ਚੋਂ ਪਰਚੀ ਪਾਉਣ ਵੇਲੇ ਪ੍ਰਕਿਰਿਆ ਸਹੀ ਨਹੀਂ ਅਪਣਾਈ। ਦੋਵਾਂ ਆਗੂਆਂ ਨੇ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਭੂਮਿਕਾ ’ਤੇ ਵੀ ਸਵਾਲ ਉਠਾਏ।
ਉਧਰ ਪਰਮਜੀਤ ਸਿੰਘ ਸਰਨਾ ਨੇ ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਤੇ ਉਨ੍ਹਾਂ ਦੇ ਸਮਰਥਕਾਂ ਬਾਰੇ ਅਦਾਲਤ ਵਿੱਚ ਚੱਲ ਰਹੇ ਮਾਮਲੇ ਦੀ ਸੁਣਵਾਈ ਬਾਬਤ ਐੱਲਜੀ ਦੇ ਫ਼ੈਸਲੇ ਦਾ ਕਮੇਟੀ ਵੱਲੋਂ ਐਲਾਨ ਕਰਨ ਨੂੰ, ਅਦਾਲਤ ਦੀ ਬੇਇੱਜ਼ਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰੈੱਸ ਕਾਨਫਰੰਸ ਦੌਰਾਨ ਕਮੇਟੀ ਦੇ ਆਗੂਆਂ ਨੇ ਐੱਲਜੀ ਤਰਫ਼ੋਂ ਬੋਲਣ ਦੀ ਕੋਸ਼ਿਸ਼ ਕੀਤੀ ਹੈ, ਜੋ ਅਦਾਲਤੀ ਪ੍ਰਕਿਰਿਆ ਵਿੱਚ ਦਖ਼ਲਅੰਦਾਜ਼ੀ ਹੈ।