ਮੇਹੁਲ ਚੋਕਸੀ ਮਨੀ ਲਾਂਡਰਿੰਗ ਮਾਮਲਾ: ED ਨੇ ਲਿਕੁਇਡੇਟਰ ਨੂੰ ਜਾਇਦਾਦਾਂ ਕੀਤੀਆਂ ਵਾਪਸ
ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੇ ਖਿਲਾਫ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ ਜ਼ਬਤ ਕੀਤੇ ਮੁੰਬਈ ਦੇ ਚਾਰ ਫਲੈਟ ਅਧਿਕਾਰਤ ਲਿਕੁਇਡੇਟਰ ਨੂੰ ਵਾਪਸ ਕਰ ਦਿੱਤੇ ਹਨ।
ਇਹ ਜਾਇਦਾਦਾਂ ਮੁੰਬਈ ਦੇ ਬੋਰੀਵਲੀ ਵਿੱਚ ਸਥਿਤ ਹਨ। ਇਹ ਫਲੈਟ PNB ਕਰਜ਼ਾ ਧੋਖਾਧੜੀ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਜ਼ਬਤ ਕੀਤੇ ਗਏ ਸਨ।
ਏਜੰਸੀ ਨੇ ਦੱਸਿਆ ਕਿ ਇਹ ਫਲੈਟ 21 ਨਵੰਬਰ ਨੂੰ ਲਿਕੁਇਡੇਟਰ ਨੂੰ ਸੌਂਪ ਦਿੱਤੇ ਗਏ ਸਨ ਤਾਂ ਜੋ ਉਹ ਇਨ੍ਹਾਂ ਜਾਇਦਾਦਾਂ ਨੂੰ ਵੇਚਣ ਦੀ ਪ੍ਰਕਿਰਿਆ ਅੱਗੇ ਵਧਾ ਸਕੇ।
ED ਨੇ ਕਿਹਾ ਕਿ ਹੁਣ ਤੱਕ, ਮੁੰਬਈ, ਕੋਲਕਾਤਾ ਅਤੇ ਸੂਰਤ ਵਿੱਚ ਸਥਿਤ ਮੇਹੁਲ ਚੋਕਸੀ ਦੀ ਕੰਪਨੀ ਗੀਤਾਂਜਲੀ ਜੇਮਸ ਲਿਮਟਿਡ ਦੇ ਲਿਕੁਇਡੇਟਰ ਨੂੰ 310 ਕਰੋੜ ਰੁਪਏ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਸੌਂਪੀਆਂ ਜਾ ਚੁੱਕੀਆਂ ਹਨ।
ਦੱਸ ਦਈਏ ਕਿ ਚੋਕਸੀ ਇਸ ਸਮੇਂ ਬੈਲਜੀਅਮ ਤੋਂ ਭਾਰਤ ਹਵਾਲਗੀ (Extradition) ਲਈ ਕਾਨੂੰਨੀ ਲੜਾਈ ਲੜ ਰਿਹਾ ਹੈ।
ਚੋਕਸੀ ਦੇ ਭਤੀਜੇ ਨੀਰਵ ਮੋਦੀ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਰਮਚਾਰੀਆਂ, ਬੈਂਕ ਅਧਿਕਾਰੀਆਂ ਅਤੇ ਹੋਰਨਾਂ 'ਤੇ 2018 ਵਿੱਚ ਪੰਜਾਬ ਨੈਸ਼ਨਲ ਬੈਂਕ (PNB) ਦੀ ਬ੍ਰੈਡੀ ਹਾਊਸ ਸ਼ਾਖਾ ਵਿੱਚ ਕਥਿਤ ਕਰਜ਼ਾ ਧੋਖਾਧੜੀ ਦੇ ਮਾਮਲੇ ਵਿੱਚ ED ਅਤੇ CBI ਦੁਆਰਾ ਕੇਸ ਦਰਜ ਕੀਤਾ ਗਿਆ ਸੀ।
ਦੋਸ਼ ਹਨ ਕਿ ਚੋਕਸੀ, ਉਸਦੀ ਫਰਮ ਗੀਤਾਂਜਲੀ ਜੇਮਸ ਅਤੇ ਹੋਰਾਂ ਨੇ ਬੈਂਕ ਦੇ ਕੁਝ ਅਧਿਕਾਰੀਆਂ ਦੀ ਮਿਲੀਭਗਤ ਨਾਲ ਧੋਖੇ ਨਾਲ LOUs (Letters of Undertaking) ਜਾਰੀ ਕਰਵਾ ਕੇ ਅਤੇ FLCs (Foreign Letter of Credit) ਵਧਾ ਕੇ PNB ਨਾਲ ਧੋਖਾਧੜੀ ਕੀਤੀ ਅਤੇ ਬੈਂਕ ਨੂੰ ਨੁਕਸਾਨ ਪਹੁੰਚਾਇਆ।
