ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੈਗਾ ਭਲਾਈ ਕੈਂਪ: ਪੰਜਾਬ ਪੁਲੀਸ ਨੇ ਸੁਨੀਲ ਜਾਖੜ ਨੂੰ ਹਿਰਾਸਤ ’ਚ ਲਿਆ

ਭਾਜਪਾ ਨੇ ਵਿਰੋਧ ਵਿੱਚ ਸਮੁੱਚੇ ਪੰਜਾਬ ’ਚ ਪੁਤਲੇ ਸਾੜੇ; 24 ਅਗਸਤ ਦੇ ਕੈਂਪਾਂ ਦੀ ਭਾਜਪਾ ਨੇ ਵਿੱਢੀ ਤਿਆਰੀ
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਬੋਹਰ ਵਿੱਚ ਰਾਏਪੁਰਾ ਪਿੰਡ ਨੇੜੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ।
Advertisement

ਅਬੋਹਰ (ਪੰਕਜ ਕੁਮਾਰ): ਪੰਜਾਬ ਪੁਲੀਸ ਨੇ ਅੱਜ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਬੱਲੂਆਣਾ ਹਲਕੇ ਦੇ ਪਿੰਡ ਰਾਏਪੁਰਾ ਵਿੱਚ ‘ਭਾਜਪਾ ਦੇ ਸੇਵਾਦਾਰ, ਆ ਗਏ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਲੱਗਣ ਵਾਲੇ ਲੋਕ ਭਲਾਈ ਕੈਂਪ ਨੂੰ ਅਸਫਲ ਬਣਾ ਦਿੱਤਾ। ਪੁਲੀਸ ਨੇ ਕੈਂਪ ’ਚ ਪੁੱਜਣ ਤੋਂ ਪਹਿਲਾਂ ਹੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਥੀਆਂ ਨੂੰ ਹਿਰਾਸਤ ’ਚ ਲੈ ਲਿਆ। ਚੇਤੇ ਰਹੇ ਕਿ ਸੁਨੀਲ ਜਾਖੜ ਨੇ ਲੰਘੇ ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਪਿੰਡ ਰਾਏਪੁਰਾ ’ਚ ਸ਼ੁੱਕਰਵਾਰ ਨੂੰ ਲੋਕ ਭਲਾਈ ਕੈਂਪ ਲਾਉਣਗੇ।

ਪੰਜਾਬ ਭਾਜਪਾ ਨੇ ਪੁਲੀਸ ਦੇ ਐਕਸ਼ਨ ਖ਼ਿਲਾਫ਼ ਅੱਜ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ’ਚ ਮੁੱਖ ਮੰਤਰੀ ਪੰਜਾਬ ਦੇ ਪੁਤਲੇ ਫੂਕੇ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਭਾਜਪਾ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਨਕਈ ਅਤੇ ਪਾਰਟੀ ਦੇ ਜਨਰਲ ਸਕੱਤਰ ਦਿਆਲ ਸੋਢੀ ਨੇ ਦੱਸਿਆ ਕਿ ਅੱਜ ਸਾਰੇ ਹਲਕਿਆਂ ’ਚ ਮੁੱਖ ਮੰਤਰੀ ਦੇ ਪੁਤਲੇ ਫ਼ੂਕ ’ਤੇ ਪੁਲੀਸ ਦੇ ਐਕਸ਼ਨ ਦਾ ਵਿਰੋਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 24 ਅਗਸਤ ਨੂੰ ਹਰ ਹਲਕੇ ’ਚ ਲੋਕ ਭਲਾਈ ਕੈਂਪ ਲੱਗਣਗੇ ਜਿਸ ਦੀ ਤਿਆਰੀ ਜ਼ੋਰਾਂ ’ਤੇ ਚੱਲ ਰਹੀ ਹੈ। ਇਸੇ ਦੌਰਾਨ ਪੰਜਾਬ ਪੁਲੀਸ ਨੇ ਸੂਬੇ ਦੇ ਲੋਕਾਂ ਨੂੰ ਚੌਕਸ ਕੀਤਾ ਹੈ ਕਿ ਕਿਸੇ ਖ਼ਾਸ ਸਿਆਸੀ ਪਾਰਟੀ ਨਾਲ ਜੁੜੇ ਹੋਣ ਵਾਲੇ ਲੋਕ ਨਿੱਜੀ ਡਾਟਾ ਇਕੱਠਾ ਕਰ ਰਹੇ ਹਨ ਅਤੇ ਕੰਮ ਕਰਾਉਣ ਬਦਲੇ ਕਮਿਸ਼ਨ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਵੱਲੋਂ ਲਗਾਏ ਜਾਣ ਵਾਲੇ ਗ਼ੈਰਕਾਨੂੰਨੀ ਕੈਂਪਾਂ ਬਾਰੇ ਫ਼ੌਰੀ ਪੁਲੀਸ ਨੂੰ ਸੂਚਿਤ ਕੀਤਾ ਜਾਵੇ।

Advertisement

ਅੱਜ ਇਸੇ ਦੌਰਾਨ ਐਲਾਨੇ ਪ੍ਰੋਗਰਾਮ ਅਨੁਸਾਰ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਅਬੋਹਰ-ਸੀਤੋ ਗੁੰਨ੍ਹੋ ਰੋਡ ’ਤੇ ਵਰਕਰਾਂ ਦੀ ਅਗਵਾਈ ਕੀਤੀ। ਜਦੋਂ ਜਾਖੜ ਕੈਂਪ ਲਈ ਪਿੰਡ ਰਾਏਪੁਰਾ ਜਾਣ ਲੱਗੇ ਤਾਂ ਪੁਲੀਸ ਨੇ ਪਹਿਲਾਂ ਹੀ ਕਾਲਾ ਟਿੱਬਾ ਟੋਲ ਪਲਾਜ਼ਾ ਕੋਲ ਸੜਕ ’ਤੇ ਰੋਕਾਂ ਖੜ੍ਹੀਆਂ ਕਰ ਦਿੱਤੀਆਂ। ਪੁਲੀਸ ਦੇ ਵਿਰੋਧ ’ਚ ਭਾਜਪਾ ਵਰਕਰਾਂ ਨੇ ਧਰਨਾ ਮਾਰ ਦਿੱਤਾ। ਪੁਲੀਸ ਨੇ ਉਸ ਵਕਤ ਹੀ ਭਾਜਪਾ ਪ੍ਰਧਾਨ ਸੁਨੀਲ ਜਾਖੜ, ਉਨ੍ਹਾਂ ਦੇ ਭਤੀਜੇ ਤੇ ਵਿਧਾਇਕ ਸੰਦੀਪ ਜਾਖੜ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਸਮੇਤ ਹੋਰਨਾਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਇਨ੍ਹਾਂ ਆਗੂਆਂ ਨੂੰ ਪੁਲੀਸ ਥਾਣੇ ਲੈ ਗਈ। ਬਾਅਦ ’ਚ ਇਨ੍ਹਾਂ ਆਗੂਆਂ ਨੇ ਪੁਲੀਸ ਨੇ ਰਿਹਾਅ ਕਰ ਦਿੱਤਾ।

ਭਾਜਪਾ ਵਰਕਰ ਡਰਨ ਵਾਲੇ ਨਹੀਂ : ਸ਼ਰਮਾ

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਮੁੜ ਲਲਕਾਰ ਮਾਰੀ ਹੈ ਕਿ ਭਾਜਪਾ ਦੇ ਵਰਕਰ ਕਿਸੇ ਤੋਂ ਡਰਨ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ‘ਸਾਮ,ਦਾਮ,ਦੰਡ,ਭੇਦ’ ਜੋ ਮਰਜ਼ੀ ਅਪਣਾ ਲਵੇ, ਭਾਜਪਾ ਦੇ ਆਗੂ ਅਤੇ ਵਰਕਰ ਹਰ ਜ਼ਿਆਦਤੀ ਦਾ ਸਾਹਮਣਾ ਕਰਨਗੇ। ਸ਼ਰਮਾ ਨੇ ਅੱਜ ਪੁਲੀਸ ਵੱਲੋਂ ਸੁਨੀਲ ਜਾਖੜ ਨੂੰ ਹਿਰਾਸਤ ਵਿੱਚ ਲੈਣ ਦੀ ਨਿੰਦਾ ਕੀਤੀ ਅਤੇ ਇਹ ਵੀ ਕਿਹਾ ਕਿ ਭਾਜਪਾ ਜਨਤਾ ਦੀ ਸੇਵਾ ’ਚ ਹਾਜ਼ਰ ਰਹੇਗੀ।

Advertisement
Show comments